ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਗੁਰੂ ਜੀ ਮੁਸਲਮਾਨ ਬਣਨ ਨੂੰ ਤਿਆਰ ਨਹੀਂ ਹਨ, ਤਾਂ ਉਸਨੇ ਹੁਕਮ ਦਿੱਤਾ ਕਿ ਗੁਰੂ ਜੀ ਨਾਲ ਵੱਧ ਤੋਂ ਵੱਧ ਸਖ਼ਤੀ ਕੀਤੀ ਜਾਵੇ। ਗੁਰੂ ਜੀ ਇਨੇ ਸਰੀਰਕ ਕਸ਼ਟ ਸਹਿ ਕੇ ਵੀ ਪਹਾੜ ਵਾਂਗ ਅਡੋਲ ਰਹੇ।
ਗੁਰੂ ਜੀ ਦਾ ਪੱਕਾ ਇਰਾਦਾ ਦੇਖ ਕੇ ਹਾਕਮਾਂ ਨੇ ਫੈਸਲਾ ਕੀਤਾ ਕਿ ਪਹਿਲਾਂ ਗੁਰੂ ਜੀ ਨਾਲ ਆਏ ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਜਾਵੇ। ਇਸ ਫੈਸਲੇ ਅਨੁਸਾਰ ਪਹਿਲਾ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਉਸ ਤੋਂ ਬਾਅਦ ਭਾਈ ਦਿਆਲਾ ਜੀ ਤੇ ਹੋਰ ਸਿੱਖਾਂ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।
ਔਰੰਗਜ਼ੇਬ ਵੱਲੋਂ ਆਖਰੀ ਹੁਕਮ ਪਹੁੰਚ ਗਿਆ ਕਿ ਜਾਂ ਤਾਂ ਗੁਰੂ ਜੀ ਇਸਲਾਮ ਕਬੂਲ ਕਰਨ, ਜਾਂ ਫਿਰ ਕੋਈ ਕਰਾਮਾਤ ਦਿਖਾਉਣ, ਨਹੀਂ ਤਾਂ ਮਰਨ ਲਈ ਤਿਆਰ ਹੋ ਜਾਣ। ਕਾਜੀਆਂ ਤੇ ਮੌਲਵੀ ਨੇ ਗੁਰੂ ਜੀ ਨੂੰ ਬਾਦਸ਼ਾਹ ਦਾ ਹੁਕਮ ਸੁਣਾਇਆ। ਗੁਰੂ ਜੀ ਨੇ ਕਿਹਾ ਕਿ ਅਸੀਂ ਨਾ ਤਾਂ ਆਪਣਾ ਧਰਮ ਛੱਡਣਾ ਹੈ ਨਾ ਹੀ ਕੋਈ ਕਰਾਮਾਤ ਦਿਖਾਉਣੀ ਹੈ, ਤੁਸੀਂ ਜੋ ਕਰਨਾ ਹੈ ਕਰੋ ਅਸੀਂ ਤਿਆਰ ਹਾਂ।
ਇਹ ਸੁਣ ਕੇ ਗੁਰੂ ਜੀ ਨੂੰ ਕਤਲ ਕਰਨ ਦੀ ਤਿਆਰੀ ਕੀਤੀ ਗਈ। ਸੰਮਤ ੧੭੩੨ ਨੂੰ ਗੁਰੂ ਜੀ ਨੂੰ ਪਿੰਜਰੇ ਵਿੱਚੋਂ ਕੱਢ ਕੇ ਚਾਂਦਨੀ ਚੌਂਕ ਵਿੱਚ ਲਿਆ ਕੇ ਸ਼ਹੀਦ ਕਰ ਦਿੱਤਾ ਗਿਆ। ਜਿਸ ਥਾਂ ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਥਾਂ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਹੈ।
ਭਾਈ ਜੈਤੋ ਜੀ ਨੇ ਗੁਰੂ ਜੀ ਦਾ ਸੀਸ ਚੁੱਕ ਲਿਆ ਤੇ ਚਾਦਰ ਵਿੱਚ ਲਪੇਟ ਕੇ ਅਨੰਦਪੁਰ ਸਾਹਿਬ ਲੈ ਆਏ। ਦਸਮ ਪਾਤਸ਼ਾਹ ਨੇ ਭਾਈ ਜੈਤੋ ਜੀ ਨੂੰ ਹਿੱਕ ਨਾਲ ਲਾ ਲਿਆ ਤੇ ਬਚਨ ਕੀਤਾ ‘ਰੰਗਰੇਟਾ ਗੁਰੂ ਦਾ ਬੇਟਾ’। ਦਸ਼ਮੇਸ਼ ਜੀ ਤੇ ਸੰਗਤਾਂ ਨੇ ਮਿਲ ਕੇ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ।
ਗੁਰੂ ਜੀ ਦਾ ਧੜ ਇਕ ਸ਼ਰਧਾਲੂ ਸਿੱਖ ਭਾਈ ਲੱਖੀ ਸ਼ਾਹ ਲੁਬਾਣਾ ਆਪਣੇ ਘਰ ਲੈ ਗਿਆ। ਉਸਨੇ ਆਪਣੇ ਘਰ ਵਿੱਚ ਚਿਤਾ ਬਣਾਕੇ ਘਰ ਨੂੰ ਅੱਗ ਲਗਾ ਦਿੱਤੀ। ਇਸ ਤਰ੍ਹਾਂ ਉਸਨੇ ਗੁਰੂ ਜੀ ਦੇ ਧੜ ਦਾ ਸੰਸਕਾਰ ਕੀਤਾ। ਇਸ ਥਾਂ ਤੇ ਅੱਜ ਗੁਰਦੁਆਰਾ ਰਕਾਬਗੰਜ ਹੈ।
ਇਸ ਤਰ੍ਹਾਂ ਗੁਰੂ ਤੇਗ ਬਹਾਦੁਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੇ ਆਪਨੂੰ ਕੁਰਬਾਨ ਕਰ ਦਿੱਤਾ। ਇਸਲਈ ਆਪ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ।