ਸਫ਼ਰ ਕਰਦੇ ਤੇ ਰਸਤੇ ਵਿੱਚ ਹਰ ਥਾਂ ਤੇ ਉਪਦੇਸ਼ ਦਿੰਦੇ ਹੋਏ ਗੁਰੂ ਜੀ ਦਿੱਲੀ ਪਹੁੰਚੇ। ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਆਪਣੇ ਮਹਿਲ ਵਿੱਚ ਠਹਿਰਾਇਆ। ਦਿੱਲੀ ਦੀ ਸੰਗਤ ਉਥੇ ਆ ਕੇ ਹਰ ਰੋਜ਼ ਦਰਸ਼ਨ ਕਰਦੀ।
ਇਕ ਦਿਨ ਔਰੰਗਜ਼ੇਬ ਨੇ ਦਰਸ਼ਨ ਕਰਨ ਦੀ ਇਛਾ ਪ੍ਰਗਟ ਕੀਤੀ, ਤਾਂ ਗੁਰੂ ਜੀ ਨੇ ਉੱਤਰ ਭੇਜਿਆ ਕਿ ਮੇਰਾ ਵੱਡਾ ਭਰਾ ਤੁਹਾਡੇ ਪਾਸ ਹੈ ਤੇ ਤੁਸੀਂ ਜੋ ਕਹੋ ਉਹ ਕਰਨ ਨੂੰ ਤਿਆਰ ਹੈ। ਮੇਰਾ ਕੰਮ ਤਾਂ ਸਤਿਨਾਮ ਦਾ ਉਪਦੇਸ਼ ਕਰਨਾ ਹੈ। ਬਾਦਸ਼ਾਹ ਨੇ ਮੇਰੇ ਪਾਸੋਂ ਕੀ ਲੈਣਾ ਹੈ।
ਅਗਲੇ ਦਿਨ ਔਰੰਗਜ਼ੇਬ ਦਾ ਸ਼ਹਿਜ਼ਾਦਾ ਗੁਰੂ ਜੀ ਦੇ ਦਰਸ਼ਨ ਕਰਨ ਆਇਆ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਉਹ ਬਹੁਤ ਪ੍ਰਭਾਵਿਤ ਹੋਇਆ। ਉਸਨੇ ਗੁਰੂ ਜੀ ਨੂੰ ਕਿਹਾ ਕਿ ਰਾਮਰਾਇ ਨੇ ਬਾਦਸ਼ਾਹ ਅੱਗੇ ਅਪੀਲ ਕੀਤੀ ਹੈ ਕਿ ਗੁਰ-ਗੱਦੀ ਤੇ ਉਸਦਾ ਹੱਕ ਸੀ।
ਤਾਂ ਆਪ ਨੇ ਬਾਦਸ਼ਾਹ ਨੂੰ ਇਹ ਸੁਨੇਹਾ ਭੇਜਿਆ ਕਿ ਗੁਰ-ਗੱਦੀ ਕੋਈ ਜੱਦੀ ਮਲਕੀਅਤ ਦੀ ਚੀਜ਼ ਨਹੀਂ। ਗੁਰੂ ਨਾਨਕ ਦੇਵ ਜੀ ਨੇ, ਗੁਰੂ ਅੰਗਦ ਦੇਵ ਜੀ ਨੇ ਅਤੇ ਗੁਰੂ ਅਮਰਦਾਸ ਜੀ ਨੇ ਕਿਸੇ ਨੇ ਵੀ ਆਪਣੇ ਪੁੱਤਰਾ ਨੂੰ ਗੱਦੀ ਨਹੀਂ ਦਿੱਤੀ ਸਗੋਂ ਆਪਣੇ ਸੇਵਕਾਂ ਨੂੰ ਗੱਦੀ ਦਿੱਤੀ, ਗੁਰੂ ਹਰਗੋਬਿੰਦ ਜੀ ਨੇ ਆਪਣੇ ਪੋਤਰੇ ਨੂੰ ਗੱਦੀ ਦਿੱਤੀ। ਗੁਰ-ਗੱਦੀ ਬਹੁਤ ਵੱਡੀ ਜੁੰਮੇਵਾਰੀ ਹੈ।
ਜਦੋਂ ਸ਼ਹਿਜ਼ਾਦਾ ਨੇ ਆਪਣੇ ਪਿਤਾ ਨੂੰ ਇਹ ਸਾਰਾ ਸੁਨੇਹਾ ਦਿੱਤਾ, ਤਾਂ ਉਹ ਸਮਝ ਗਿਆ ਕਿ ਰਾਮਰਾਇ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਈ।