ਜਦੋਂ ਗੁਰੂ ਜੀ ਦਿੱਲੀ ਠਹਿਰੇ ਸਨ, ਉਨ੍ਹਾਂ ਦਿਨਾਂ ਦਿੱਲੀ ਵਿੱਚ ਬੜੀ ਹੀ ਭਿਆਨਕ ਕਿਸਮ ਦੀ ਚੀਚਕ ਦੀ ਬੀਮਾਰੀ ਫੈਲ ਗਈ। ਸੰਗਤ ਆਪਣੇ ਬੱਚਿਆਂ ਨੂੰ ਲੈ ਕੇ ਗੁਰੂ ਜੀ ਕੋਲ ਆਉਣ ਲੱਗੀ। ਗੁਰੂ ਜੀ ਦੇ ਅਸ਼ੀਰਵਾਦ ਨਾਲ ਬੱਚੇ ਠੀਕ ਹੋ ਜਾਂਦੇ।
ਪਰ ਕੁੱਝ ਦਿਨ ਬਾਅਦ ਗੁਰੂ ਜੀ ਨੂੰ ਵੀ ਚੀਚਕ ਨਿਕਲ ਆਈ। ਸੰਗਤ ਘਬਰਾ ਗਈ ਪਰ ਆਪ ਨੇ ਸਭ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ।
ਗੁਰੂ ਜੀ ਦੀ ਹਾਲਤ ਜਦੋਂ ਖਰਾਬ ਹੋ ਗਈ, ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਬਾਅਦ ਸੰਗਤਾਂ ਦੀ ਅਗਵਾਈ ਕੌਣ ਕਰੇਗਾ?
ਗੁਰੂ ਜੀ ਨੇ ਪੰਜ ਪੈਸੇ ਤੇ ਨਰੇਲ ਮੰਗਵਾਇਆ ਤੇ ਹੱਥ ਵਿੱਚ ਲੈ ਕੇ ਕਿਹਾ: “ਬਾਬਾ ਬਕਾਲਾ।” ਇਸ ਦਾ ਮਤਲਬ ਇਹ ਸੀ ਕਿ ਨੌਵੇਂ ਗੁਰੂ ਬਾਬਾ ਬਕਾਲਾ ਪਿੰਡ ਵਿੱਚ ਹਨ। ਇਹ ਨਰੇਲ ਤੇ ਪੰਜ ਪੈਸੇ ਉਨ੍ਹਾਂ ਲਈ ਹਨ।
ਇਹ ਬਚਨ ਕਹਿ ਕੇ ਸੰਮਤ ੧੭੨੧ ਨੂੰ ਆਪ ਜੋਤੀ-ਜੋਤਿ ਸਮਾ ਗਏ। ਉਸ ਵੇਲੇ ਆਪ ਜੀ ਦੀ ਉਮਰ ਪੌਣੇ ਕੁ ਅੱਠ ਸਾਲ ਦੀ ਸੀ।