ਸਿੱਖ ਸੰਗਤਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਸੀ। ਗੁਰੂ ਅਮਰਦਾਸ ਜੀ ਨੇ ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਰਾਮਦਾਸ ਜੀ ਨੂੰ ਤੇ ਬਾਬਾ ਬੁੱਢਾ ਜੀ ਨੂੰ ਜਗ੍ਹਾ (ਜਿਸ ਥਾਂ ਹੁਣ ਅੰਮਿ੍ਤਸਰ ਹੈ) ਦਾ ਪੂਰਾ ਪਤਾ ਦੱਸ ਕੇ ਆਗਿਆ ਕੀਤੀ ਕਿ ਉੱਥੇ ਸਰੋਵਰ ਬਨਾਉ ਤੇ ਨਗਰ ਵਸਾਉ। ਇਸ ਆਗਿਆ ਅਨੁਸਾਰ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ, ਜਿਸਨੂੰ ਸੰਤੋਖਸਰ ਕਹਿੰਦੇ ਹਨ। ਸੇਵਾ ਸਮੇਂ ਜਿਸ ਟਾਹਲੀ ਹੇਠਾਂ ਆਪ ਬੈਠਿਆ ਕਰਦੇ ਸਨ, ਉੱਥੇ ਗੁਰਦੁਆਰਾ ਟਾਹਲੀ ਸਾਹਿਬ ਬਣਿਆ।
ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਸਮਾਉਣ ਮਗਰੋਂ ਗੁਰੂ ਰਾਮਦਾਸ ਜੀ ਨੇ ਸੰਤੋਖਸਰ ਤੋਂ ਦੂਰ ਇੱਕ ਪਿੰਡ ਦੀ ਨੀਂਹ ਰੱਖੀ। ਇਸ ਦਾ ਨਾਂ ਆਪ ਨੇ ‘ਗੁਰੂ ਕਾ ਚੱਕ’ ਰੱਖਿਆ। ਗੁਰ-ਗੱਦੀ ਤੇ ਬਿਰਾਜਨ ਮਗਰੋਂ ਆਪ ਪਰਿਵਾਰ ਸਮੇਤ ਗੁਰੂ ਕੇ ਚੱਕ ਆ ਗਏ। ਆਪ ਇਸ ਨਗਰੀ ਨੂੰ ਹਰ ਪਹਿਲੂ ਤੋਂ ਖੁਸ਼ਹਾਲ ਬਨਾਉਣਾ ਚਾਹੁੰਦੇ ਸਨ।
ਉਸੇ ਸਾਲ ਸੰਮਤ ੧੬੩੪ ਵਿੱਚ ਗੁਰੂ ਰਾਮਦਾਸ ਜੀ ਨੇ ਦੁਖ ਭੰਜਨ ਬੇਰੀ ਦੇ ਕੋਲ ਇੱਕ ਸਰੋਵਰ ਦੀ ਖੁਦਵਾਈ ਆਰੰਭੀ। ਇਸ ਸਰੋਵਰ ਨੂੰ ਮਗਰੋਂ ਪੰਚਮ ਪਾਤਸ਼ਾਹ ਸ਼ੀ੍ ਗੁਰੂ ਅਰਜਨ ਦੇਵ ਜੀ ਨੇ ਸੰਪੂਰਣ ਕੀਤਾ। ਇਸ ਸਰੋਵਰ ਦਾ ਨਾਂ ਅੰਮਿ੍ਤਸਰ ਰਖਿਆ ਗਿਆ। ਇਸ ਤੋਂ ਹੀ ਇਸ ਨਗਰੀ ਦਾ ਨਾਂ ਅੰਮਿ੍ਤਸਰ ਪੈ ਗਿਆ ਤੇ ਪ੍ਰਸਿੱਧ ਹੋ ਗਿਆ।