ਗੁਰੂ ਰਾਮਦਾਸ ਜੀ

ਸੇਵਾ ਸਿਮਰਨ ਤੇ ਘਾਲ ਕਮਾਈ

ਸਾਖੀ 3
ਪੜ੍ਹਨ ਦੀ ਤਰੱਕੀ 3 / 9

ਵਿਆਹ ਮਗਰੋਂ ਸ਼ੀ੍ ਜੇਠਾ ਜੀ ਤਨ ਮਨ ਨਾਲ ਗੁਰੂ ਜੀ ਦੀ ਤੇ ਸਾਧ ਸੰਗਤ ਦੀ ਸੇਵਾ ਕਰਨ ਲੱਗ ਗਏ। ਉਹ ਆਪਣੇ ਆਪ ਨੂੰ ਗੁਰੂ ਅਮਰਦਾਸ ਜੀ ਦਾ ਨਿਮਾਣਾ ਜਿਹਾ ਸੇਵਕ ਸਮਝਦੇ ਸਨ।

ਗੁਰੂ ਅਮਰਦਾਸ ਜੀ ਉਨ੍ਹਾਂ ਦੀ ਸੇਵਾ ਦੇਖ ਕੇ ਬੜਾ ਪ੍ਰਸੰਨ ਹੋਇਆ ਕਰਦੇ ਸਨ। ਉਹ ਉਨ੍ਹਾਂ ਨੂੰ ਰਾਮਦਾਸ ਕਹਿ ਕੇ ਬਲਾਉਂਦੇ ਸਨ। ਇਸ ਤਰ੍ਹਾਂ ਸ਼ੀ੍ ਜੇਠਾ ਜੀ ਦਾ ਨਾਮ ਸ਼ੀ੍ ਰਾਮਦਾਸ ਹੀ ਪੈ ਗਿਆ।

ਜਦੋਂ ਬਾਉਲੀ ਦੀ ਤਿਆਰੀ ਸ਼ੁਰੂ ਹੋਈ, ਤਾਂ ਸ਼ੀ੍ ਰਾਮਦਾਸ ਜੀ ਦਿਨ ਰਾਤ ਸੇਵਾ ਕਰਦੇ। ਇੱਕ ਵਾਰ ਆਪ ਸੇਵਾ ਵਿੱਚ ਮਗਨ ਹੋਏ ਟੋਕਰੀ ਢੋ ਰਹੇ ਸਨ ਕਿ ਲਾਹੌਰੋਂ ਕੁਝ ਸੱਜਣ ਆ ਗਏ। ਉਨ੍ਹਾਂ ਸੱਜਣਾਂ ਨਾਲ ਰਾਮਦਾਸ ਜੀ ਦੇ ਪਰਿਵਾਰ ਦੇ ਨਜ਼ਦੀਕੀ ਮੈਂਬਰ ਵੀ ਸਨ। ਉਨ੍ਹਾਂ ਨੂੰ ਇਹ ਗੱਲ ਬਹੁਤ ਬੁਰੀ ਲਗੀ ਕਿ ਸਾਡਾ ਭਾਈ ਸਹੁਰੇ ਘਰ ਮਿੱਟੀ ਦੀ ਟੋਕਰੀ ਢੋ ਰਿਹਾ ਹੈ। ਉਨ੍ਹਾਂ ਨੇ ਗੁਰੂ ਅਮਰਦਾਸ ਜੀ ਨੂੰ ਉਲਾਹਮਾ ਦਿੱਤਾ। ਤਾਂ ਗੁਰੂ ਜੀ ਨੇ ਮੁਸਕਾ ਕੇ ਕਿਹਾ ਕਿ ਰਾਮਦਾਸ ਦੇ ਸਿਰ ਤੇ ਮਿੱਟੀ ਦੀ ਟੋਕਰੀ ਨਹੀਂ, ਸਗੋਂ ਦੀਨ ਦੁਨੀ ਦਾ ਛਤਰ ਹੈ। ਸ਼ੀ੍ ਰਾਮਦਾਸ ਜੀ ਕਹਿਣ ਲੱਗੇ ਕਿ ਤੁਸੀਂ ਲੋਕਾਚਾਰੀ ਦੀਆਂ ਗੱਲਾਂ ਕਰਦੇ ਹੋ। ਮੈਂ ਤਾਂ ਆਪਣੇ ਮੁਕਤੀਦਾਤੇ ਸਤਿਗੁਰੂ ਦੀ ਸੇਵਾ ਕਰਕੇ ਖੁਸ਼ੀ ਪ੍ਰਾਪਤ ਕਰਨ ਦਾ ਜਤਨ ਕਰ ਰਿਹਾ ਹਾਂ।