ਗੁਰੂ ਅਮਰਦਾਸ ਜੀ

ਸ਼ੀ੍ ਜੇਠਾ ਜੀ ਦੀ ਪੀ੍ਖਿਆ

ਸਾਖੀ 8
ਪੜ੍ਹਨ ਦੀ ਤਰੱਕੀ 8 / 9

ਗੁਰੂ ਅਮਰਦਾਸ ਜੀ ਦੇ ਦੋ ਸਾਹਿਬਜਾਦੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਸਨ। ਗੁਰੂ ਜੀ ਨੇ ਦੇਖਿਆ ਕਿ ਇਨ੍ਹਾਂ ਵਿੱਚੋਂ ਗੁਰ ਗੱਦੀ ਦੀਆਂ ਜੁੰਮੇਵਾਰੀਆਂ ਸੰਭਾਲਣ ਜੋਗਾ ਕੋਈ ਵੀ ਨਹੀਂ ਸੀ। ਕਿਉਂਕਿ ਗੁਰੂ ਨਾਨਕ ਦੀ ਗੱਦੀ ਮਾਮਲੇ ਲੈਣ ਦੀ ਨਹੀਂ, ਇਹ ਤਾਂ ਜੀਅ ਦਾਨ ਦੇਣ ਦੀ ਜਗਵੇਦੀ ਹੈ। ਇਹ ਜੁੰਮੇਵਾਰੀਆਂ ਦੀ ਪੰਡ ਹੈ।

ਜਦੋਂ ਗੁਰੂ ਅਮਰਦਾਸ ਜੀ ਨੇ ਬਾਉਲੀ ਦਾ ਆਰੰਭ ਕਰਵਾਇਆ, ਤਾਂ ਸ਼ੀ੍ ਜੇਠਾ ਜੀ ਨੇ ਸੇਵਾ ਕਰਨ ਵਿੱਚ ਦਿਨ ਰਾਤ ਇੱਕ ਕਰ ਦਿੱਤੀ। ਗੁਰੂ ਅਮਰਦਾਸ ਜੀ ਸਮਝ ਗਏ ਕਿ ਗੁਰੂ ਨਾਨਕ ਦੀ ਗੱਦੀ ਦੇ ਅੱਗਲੇ ਵਾਰਿਸ ਸ਼ੀ੍ ਜੇਠਾ ਜੀ ਹੀ ਹੋਣਗੇ। ਫੇਰ ਵੀ ਉਨ੍ਹਾਂ ਨੇ ਇੱਕ ਵਾਰ ਹੋਰ ਪੀ੍ਖਿਆ ਲੈਣੀ ਚਾਹੀ।

ਇੱਕ ਦਿਨ ਉਹਨਾਂ ਨੇ ਆਪਣੀ ਵੱਡੀ ਸਪੁੱਤਰੀ ਦੇ ਘਰਵਾਲੇ ਸ਼ੀ੍ ਰਾਮਾ ਜੀ ਨੂੰ ਕਿਹਾ ਕਿ ਬਾਉਲੀ ਦੀ ਇਮਾਰਤ ਬਣਦੀ ਦੇਖਣ ਲਈ ਸਾਡੇ ਲਈ ਇੱਕ ਇਸ ਤਰ੍ਹਾਂ ਦਾ ਥੜਾ ਬਨਾਉ। ਇਸੇ ਤਰ੍ਹਾਂ ਛੋਟੀ ਸਪੁੱਤਰੀ ਬੀਬੀ ਭਾਨੀ ਦੇ ਘਰਵਾਲੇ ਸ਼ੀ੍ ਜੇਠਾ ਜੀ ਨੂੰ ਕਿਹਾ।

ਦੋਹਾਂ ਨੇ ਸਾਰਾ ਦਿਨ ਲਗਾ ਕੇ ਥੜੇ ਬਨਾਏ। ਸ਼ਾਮ ਨੂੰ ਗੁਰੂ ਅਮਰਦਾਸ ਜੀ ਆਏ। ਉਨ੍ਹਾਂ ਨੇ ਕਿਹਾ ਕਿ ਇਹ ਥੜੇ ਠੀਕ ਨਹੀਂ ਬਣੇ ਤੇ ਕਿਹਾ ਕਿ ਇਨ੍ਹਾਂ ਨੂੰ ਢਾਹ ਕੇ ਇਸ ਤਰ੍ਹਾਂ ਦੇ ਥੜੇ ਬਣਾਉ। ਚਾਰ ਪੰਜ ਦਿਨ ਇਸ ਤਰ੍ਹਾਂ ਚਲਦਾ ਰਿਹਾ। ਗੁਰੂ ਜੀ ਥੜੇ ਢਹਾਉਂਦੇ ਰਹੇ। ਸ਼ੀ੍ ਰਾਮਾ ਜੀ ਤੰਗ ਆ ਗਏ ਤੇ ਕਹਿਣ ਲੱਗੇ ਕਿ ਗੁਰੂ ਜੀ ਦੀ ਬਿਰਧ ਅਵਸਥਾ ਹੋ ਗਈ ਹੈ। ਇਸ ਕਰਕੇ ਇਨ੍ਹਾਂ ਨੂੰ ਕੁਝ ਯਾਦ ਨਹੀਂ ਰਹਿੰਦਾ। ਮੈਂ ਤਾਂ ਉਸੇ ਤਰ੍ਹਾਂ ਥੜਾ ਉਸਾਰਦਾ ਹਾਂ ਜਿਸ ਤਰ੍ਹਾਂ ਕਹਿ ਕੇ ਜਾਂਦੇ ਹਨ।

ਜਦੋਂ ਸ਼ੀ੍ ਜੇਠਾ ਜੀ ਨੂੰ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਅਨਜਾਣ ਹਾਂ। ਮੈਨੂੰ ਸਮਝਣ ਵਿੱਚ ਗਲਤੀ ਲੱਗ ਜਾਂਦੀ ਹੈ। ਮੈਨੂੰ ਤਾਂ ਉਨ੍ਹਾਂ ਦੇ ਹੁਕਮ ਮੰਨਣ ਵਿੱਚ ਖੁਸ਼ੀ ਮਿਲਦੀ ਹੈ। ਜੇ ਉਹ ਥੜਾ ਉਸਰਦਾ ਦੇਖ ਕੇ ਖੁਸ਼ ਹੁੰਦੇ ਹਨ, ਤਾਂ ਮੈਨੂੰ ਉਸਾਰਨ ਵਿੱਚ ਖੁਸ਼ੀ ਹੁੰਦੀ ਹੈ। ਜੇ ਉਹ ਥੜਾ ਢਹਾ ਕੇ ਖੁਸ਼ ਹੁੰਦੇ ਹਨ, ਤਾਂ ਮੈਂ ਵੀ ਢਾਹ ਕੇ ਖੁਸ਼ ਹੁੰਦਾ ਹਾਂ।

ਇਸ ਤਰ੍ਹਾਂ ਸ਼ੀ੍ ਜੇਠਾ ਜੀ ਨੇ ਸ਼ਰਧਾ, ਗੁਰੂ ਪ੍ਰੇਮ, ਸਿਦਕ ਤੇ ਆਗਿਆਕਾਰਤਾ ਦਾ ਸਬੂਤ ਦਿੱਤਾ ਤੇ ਪੀ੍ਖਿਆ ਵਿੱਚੋਂ ਸਫ਼ਲ ਹੋਏ।