ਇਹ ਗੁਰੂਦੁਆਰਾ ਸਾਹਿਬ ਉਤਰਾਖੰਡ ਦੇ ਚੰਪਾਵਤ ਜਿਲ੍ਹੇ ਵਿੱਚ ਹੈ। ਗੁਰੂ ਜੀ ਚਲਦੇ ਚਲਦੇ ਇਕ ਦਰਖਤ ਦੀ ਛਾਂ ਹੇਠ ਬੈਠ ਗਏ। ਉਥੇ ਨੇੜੇ ਹੀ ਕੁਝ ਜੋਗੀ ਰਹਿ ਰਹੇ ਸਨ।
ਉਹਨਾਂ ਨੂੰ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਜੋਗੀ ਹੋ। ਗੁਰੂ ਜੀ ਕਹਿਣ ਲਗੇ ਕਿ ਜੋਗੀ ਕੌਣ ਹੁੰਦਾ ਹੈ। ਤਾਂ ਜੋਗੀਆਂ ਨੇ ਕਿਹਾ ਕਿ ਜਿਹੜੇ ਇਕਾਂਤ ਵਿੱਚ ਬੈਠ ਕੇ ਪਰਮਾਤਮਾ ਦੀ ਭਗਤੀ ਕਰਨ, ਉਹ ਜੋਗੀ ਹੁੰਦੇ ਹਨ।
ਗੁਰੂ ਜੀ ਕਹਿਣ ਲਗੇ ਕਿ ਅਸਲੀ ਜੋਗੀ ਉਹ ਹੈ ਜੋ ਆਪਣੇ ਪਰਿਵਾਰ ਵਿੱਚ ਰਹਿ ਕੇ ਸਾਰੀਆਂ ਸਮਾਜਿਕ ਜ਼ਿੰਮੇਦਾਰੀਆਂ ਨਿਭਾਂਦੇ ਹੋਏ ਪਰਮਾਤਮਾ ਦੀ ਭਗਤੀ ਕਰੇ।
ਕੁਝ ਕੁ ਸਮੇਂ ਬਾਅਦ ਭਾਈ ਮਰਦਾਨਾ ਜੀ ਨੇ ਕਿਹਾ ਕਿ ਗੁਰੂ ਜੀ ਭੁੱਖ ਲਗੀ ਹੈ। ਤਾਂ ਗੁਰੂ ਜੀ ਨੇ ਕਿਹਾ ਕਿ ਮਰਦਾਨੇ ਜੋਗੀਆਂ ਨੂੰ ਪੁੱਛ ਕੇ ਕੁਝ ਖਾਣ ਨੂੰ ਲੈ ਆ।
ਮਰਦਾਨਾ ਜੋਗੀਆਂ ਕੋਲ ਗਿਆ ਤੇ ਕਿਹਾ ਕਿ ਮੈਨੂੰ ਕੁਝ ਖਾਣ ਲਈ ਚਾਹੀਦਾ ਹੈ, ਕੀ ਤੁਸੀਂ ਮੈਨੂੰ ਕੁਝ ਖਾਣ ਲਈ ਦੇ ਸਕਦੇ ਹੋ। ਤਾਂ ਜੋਗੀਆਂ ਨੇ ਗੁੱਸੇ ਵਿੱਚ ਕਿਹਾ ਕਿ ਤੇਰਾ ਗੁਰੂ ਉਪਦੇਸ਼ ਤਾਂ ਬਹੁਤ ਦਿੰਦਾ ਹੈ ਪਰ ਤੈਨੂੰ ਖਾਣ ਲਈ ਕੁਝ ਨਹੀਂ ਦੇ ਸਕਦਾ।
ਭਾਈ ਮਰਦਾਨਾ ਜੀ ਨੇ ਆ ਕੇ ਉਸ ਤਰ੍ਹਾਂ ਹੀ ਗੁਰੂ ਜੀ ਨੂੰ ਦੱਸ ਦਿੱਤਾ। ਗੁਰੂ ਜੀ ਨੇ ਕਿਹਾ ਮਰਦਾਨੇ ਇਹ ਰੀਠੇ ਦੇ ਪੇੜ ਤੋਂ ਰੀਠੇ ਤੋੜ ਲਓ, ਆਪ ਵੀ ਖਾਓ ਤੇ ਜੋਗੀਆਂ ਨੂੰ ਵੀ ਖੁਆਓ।
ਵੇਸੇ ਤਾਂ ਰੀਠੇ ਬਹੁਤ ਕੌੜੇ ਹੁੰਦੇ ਹਨ, ਪਰ ਮਰਦਾਨਾ ਗੁਰੂ ਜੀ ਦੀ ਹੁਕਮ ਮੰਨ ਕੇ ਰੀਠੇ ਤੋੜਨ ਲਗਾ। ਜਦੋਂ ਰੀਠੇ ਤੋੜ ਕੇ ਖਾਧੇ, ਤਾਂ ਉਹ ਸ਼ਹਿਦ ਨਾਲੋਂ ਵੀ ਮਿੱਠੇ ਸਨ।
ਭਾਈ ਮਰਦਾਨਾ ਜੀ ਨੇ ਜੋਗੀਆਂ ਨੂੰ ਵੀ ਮਿੱਠੇ ਰੀਠੇ ਦਿੱਤੇ। ਜੋਗੀ ਉਹ ਦੇਖ ਕੇ ਹੈਰਾਨ ਹੋ ਗਏ। ਉਹਨਾਂ ਨੇ ਆਪਣੀਆਂ ਸ਼ਕਤੀਆਂ ਨਾਲ ਆਪਣੇ ਦਰਖਤ ਦੇ ਰੀਠੇ ਮਿੱਠੇ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਏ।
ਉਹ ਸਮਝ ਗਏ ਕਿ ਗੁਰੂ ਜੀ ਪਰਮਾਤਮਾ ਦੇ ਬਹੁਤ ਨੇੜੇ ਹਨ। ਉਹ ਉੱਠ ਕੇ ਗੁਰੂ ਜੀ ਕੋਲ ਆਏ ਤੇ ਮਾਫ਼ੀ ਮੰਗਣ ਲਗੇ। ਗੁਰੂ ਜੀ ਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਤੇ ਕਿਹਾ ਕਿ ਵਹਿਮਾਂ ਭਰਮਾਂ ਨੂੰ ਛੱਡ ਕੇ ਪਰਮਾਤਮਾ ਦੀ ਸੱਚੀ ਭਗਤੀ ਕਰੋ।
ਅੱਜ ਵੀ ਇਸ ਗੁਰੂਦੁਆਰਾ ਸਾਹਿਬ ਮਿੱਠੇ ਰੀਠਿਆਂ ਦਾ ਪ੍ਰਸਾਦ ਮਿਲਦਾ ਹੈ।