ਗੁਰੂ ਜੀ ਮੱਧ ਭਾਰਤ ਦੇ ਜੰਗਲਾਂ ਪਹਾੜਾਂ ਵਿੱਚ ਦੀ ਹੁੰਦੇ ਹੋਏ ਦੱਖਣ ਵੱਲ ਨੂੰ ਤੁਰ ਪਏ। ਰਸਤੇ ਵਿੱਚ ਉਹਨਾਂ ਨੂੰ ਪਤਾ ਲਗਾ ਕਿ ਇਸ ਇਲਾਕੇ ਵਿੱਚ ਇਕ ਰਾਖਸ਼ ਰਹਿੰਦਾ ਹੈ, ਜਿਹੜਾ ਕਿ ਆਉਣ ਜਾਣ ਵਾਲੇ ਰਾਹੀਆਂ ਨੂੰ ਮਾਰ ਕੇ ਖਾ ਜਾਂਦਾ ਹੈ। ਗੁਰੂ ਜੀ ਨੇ ਇਸ ਨੂੰ ਸੁਧਾਰਨ ਦਾ ਫੈਸਲਾ ਕੀਤਾ ਤੇ ਉਥੇ ਰੁਕ ਗਏ।
ਮਰਦਾਨੇ ਨੇ ਕਿਹਾ ਕਿ ਗੁਰੂ ਜੀ ਭੁੱਖ ਲਗੀ ਹੈ। ਤਾਂ ਗੁਰੂ ਜੀ ਨੇ ਕਿਹਾ ਕਿ ਜੰਗਲ ਵਿੱਚੋਂ ਕੁਝ ਲੱਭ ਕੇ ਖਾ ਲਓ। ਮਰਦਾਨਾ ਜੀ ਗੁਰੂ ਜੀ ਦਾ ਹੁਕਮ ਮੰਨ ਕੇ ਨਿਕਲ ਪਏ।
ਥੋੜਾ ਦੂਰ ਗਏ, ਕੌਡਾ ਰਾਖਸ਼ ਮਿਲ ਗਿਆ। ਉਸਨੇ ਮਰਦਾਨਾ ਜੀ ਨੂੰ ਬੰਦੀ ਬਣਾ ਲਿਆ ਤੇ ਕੜਾਹੇ ਵਿੱਚ ਤੇਲ ਗਰਮ ਕਰਨਾ ਰੱਖ ਦਿੱਤਾ। ਉਹ ਬੜਾ ਖੁਸ਼ ਸੀ ਕਿ ਉਹ ਬੜੇ ਦਿਨਾਂ ਬਾਅਦ ਰੱਜ ਕੇ ਭੋਜਨ ਕਰੇਗਾ।
ਮਰਦਾਨਾ ਇਹ ਦੇਖ ਕੇ ਡਰ ਗਿਆ ਤੇ ਉਸਨੇ ਵਾਹਿਗੁਰੂ, ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਜਾਣੀ ਜਾਣ ਗੁਰੂ ਜੀ ਮਰਦਾਨੇ ਦੀ ਪੁਕਾਰ ਸੁਣ ਕੇ ਉਥੇ ਪਹੁੰਚ ਗਏ।
ਗੁਰੂ ਜੀ ਨੇ ਕੌਡੇ ਰਾਖਸ਼ ਨੂੰ ਕਿਹਾ ਕਿ ਤੂੰ ਪਹਿਲਾਂ ਸਾਨੂੰ ਖਾ ਲੈ। ਕੌਡਾ ਮੰਨ ਗਿਆ। ਜਿਸ ਤਰ੍ਹਾਂ ਹੀ ਗੁਰੂ ਜੀ ਨੇ ਆਪਣਾ ਪੈਰ ਤੇਲ ਦੇ ਕੜਾਹੇ ਵਿੱਚ ਪਾਇਆ, ਤਾਂ ਤੇਲ ਇਕਦਮ ਠੰਡਾ ਹੋ ਗਿਆ।
ਕੌਡਾ ਸਮਝ ਗਿਆ ਕਿ ਗੁਰੂ ਜੀ ਬਹੁਤ ਪਹੁੰਚੇ ਹੋਏ ਹਨ। ਉਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਮਿੰਨਤਾ ਕਰਨ ਲਗਾ ਕਿ ਉਸਦੇ ਗੁਨਾਹ ਮਾਫ਼ ਕਰ ਦਿਉ।
ਗੁਰੂ ਜੀ ਨੇ ਕਿਹਾ ਕਿ ਉਸ ਪਰਮਾਤਮਾ ਦੀ ਭਗਤੀ ਕਰਿਆ ਕਰੋ ਤੇ ਮਨੁੱਖਾਂ ਨੂੰ ਮਾਰ ਕੇ ਖਾਣ ਦੀ ਜਗ੍ਹਾ ਤੇ ਮਨੁੱਖਤਾ ਦੀ ਸੇਵਾ ਕਰਿਆ ਕਰੋ। ਕੌਡੇ ਨੇ ਗੁਰੂ ਜੀ ਦਾ ਹੁਕਮ ਪ੍ਰਵਾਨ ਕੀਤਾ।