ਅਸਾਮ ਦੇ ਸ਼ਹਿਰਾਂ ਵਿੱਚੋਂ ਨਿਕਲਦੇ ਹੋਏ ਗੁਰੂ ਜੀ ਇਕ ਜਗਾ ਤੇ ਰੁਕ ਗਏ ਤੇ ਇੱਕ ਦਰਖਤ ਹੇਠ ਬੈਠ ਗਏ। ਮਰਦਾਨੇ ਨੇ ਕਿਹਾ ਕਿ ਗੁਰੂ ਜੀ ਇਹ ਸ਼ਹਿਰ ਤਾਂ ਬਹੁਤ ਸੋਹਣਾ ਲਗਦਾ ਪਿਆ ਹੈ, ਮੈਂ ਸ਼ਹਿਰ ਚਲਾ ਜਾਵਾਂ, ਮੈਨੂੰ ਭੁੱਖ ਵੀ ਲਗੀ ਹੈ।
ਗੁਰੂ ਜੀ ਨੇ ਕਿਹਾ ਕਿ ਮਰਦਾਨੇ ਧਿਆਨ ਨਾਲ ਜਾਵੀਂ, ਇਥੋਂ ਦੇ ਲੋਕਾਂ ਨੂੰ ਤਾਂਤ੍ਰਿਕ ਵਿਦਿਆ ਆਉਂਦੀ ਹੈ। ਮਰਦਾਨਾ “ਅੱਛਾ ਜੀ” ਕਹਿ ਕੇ ਚਲਾ ਗਿਆ।
ਥੋੜਾ ਦੂਰੀ ਤੇ ਉਸਨੇ ਦੇਖਿਆ ਕਿ ਕੁਝ ਔਰਤਾਂ ਪਾਣੀ ਭਰ ਰਹੀਆਂ ਸਨ। ਮਰਦਾਨੇ ਨੇ ਉਹਨਾਂ ਦੇ ਨੇੜੇ ਜਾ ਕੇ ਕਿਹਾ ਕਿ ਪਿਆਸ ਲਗੀ ਹੈ, ਥੋੜਾ ਪਾਣੀ ਪਿਲਾ ਦੇਵੋ। ਉਹਨਾਂ ਨੇ ਪਾਣੀ ਪਿਲਾਇਆ ਤੇ ਕਿਹਾ ਕਿ ਸਾਡੇ ਘਰ ਚਲੋ, ਅਸੀਂ ਤੁਹਾਨੂੰ ਭੋਜਨ ਵੀ ਛਕਾਵਾਂਗੇ।
ਮਰਦਾਨਾ ਜੀ ਨਾਲ ਚਲ ਪਏ। ਉਥੇ ਔਰਤਾਂ ਨੇ ਆਪਣੀ ਤਾਂਤ੍ਰਿਕ ਵਿਦਿਆ ਨਾਲ ਮਰਦਾਨਾ ਜੀ ਨੂੰ ਬੰਦੀ ਬਣਾ ਲਿਆ।
ਅੰਤਰਜਾਮੀ ਗੁਰੂ ਜੀ ਨੇ ਦੇਖਿਆ ਕਿ ਮਰਦਾਨਾ ਉਹਨਾਂ ਦੀ ਕੈਦ ਵਿੱਚ ਹੈ, ਤਾਂ ਗੁਰੂ ਜੀ ਓਥੇ ਪਹੁੰਚ ਗਏ। ਗੁਰੂ ਜੀ ਨੇ ਬਾਹਰੋਂ ਅਵਾਜ਼ ਦਿੱਤੀ ਕਿ ਸਾਡੇ ਬੰਦੇ ਨੂੰ ਛੱਡ ਦੇਵੋ। ਤਾਂ ਉਹ ਸਾਰੀਆਂ ਬਾਹਰ ਆ ਗਈਆਂ ਤੇ ਗੁਰੂ ਜੀ ਉੱਪਰ ਵੀ ਮੰਤ੍ਰ ਪੜਨੇ ਸ਼ੁਰੂ ਕਰ ਦਿੱਤੇ।
ਗੁਰੂ ਜੀ ਉੱਪਰ ਉਹਨਾਂ ਮੰਤ੍ਰਾਂ ਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਨੇ ਆਪਣੀ ਮੁੱਖੀ ਨੂਰ ਸਾਹ ਨੂੰ ਬੁਲਾਇਆ। ਉਸਨੇ ਵੀ ਆਪਣੀਆਂ ਸਾਰੀਆਂ ਸ਼ਕਤੀਆਂ ਲਗਾ ਦਿੱਤੀਆਂ ਪਰ ਕੁਝ ਵੀ ਨਾ ਹੋਇਆ।
ਗੁਰੂ ਜੀ ਨੇ ਕੀਰਤਨ ਸ਼ੁਰੂ ਕਰ ਦਿੱਤਾ। ਕੀਰਤਨ ਸੁਣ ਕੇ ਜਾਦੂਗਰ ਔਰਤਾਂ ਦਾ ਮੰਨ ਸਾਫ ਹੋ ਗਿਆ ਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਈਆਂ ਤੇ ਕਹਿਣ ਲਗੀਆਂ ਕਿ ਅਸੀਂ ਬਹੁਤ ਪਾਪ ਕੀਤੇ ਹਨ।
ਗੁਰੂ ਜੀ ਨੇ ਸਮਝਾਇਆ ਕਿ ਤੰਤ੍ਰ ਮੰਤ੍ਰ ਛੱਡ ਕੇ ਵਾਹਿਗੁਰੂ ਦਾ ਸਿਮਰਨ ਕਰੋ ਤੇ ਸੱਚੀ ਸੁੱਚੀ ਕਿਰਤ ਕਰਕੇ ਸਮੁੱਚੀ ਮਨੁੱਖ ਜਾਤੀ ਦੀ ਸੇਵਾ ਕਰੋ, ਪਰਮਾਤਮਾ ਤੁਹਾਡਾ ਭਲਾ ਕਰੇਗਾ।