ਗੁਰੂ ਨਾਨਕ ਦੇਵ ਜੀ

ਮੱਕੇ ਸ਼ਰੀਫ ਦੀ ਯਾਤਰਾ

ਸਾਖੀ 14
ਪੜ੍ਹਨ ਦੀ ਤਰੱਕੀ 14 / 26

ਮੱਕੇ ਸ਼ਰੀਫ ਦੀ ਯਾਤਰਾ ਨੂੰ ਹੱਜ ਆਖਦੇ ਹਨ। ਗੁਰੂ ਜੀ ਨੇ ਹੱਜ ਕਰਨ ਦਾ ਮਨ ਬਣਾ ਲਿਆ। ਉਹਨਾਂ ਨੇ ਹਾਜੀਆਂ ਵਾਲਾ ਪਹਿਰਾਵਾ ਪਾ ਲਿਆ ਤੇ ਹਾਜੀਆਂ ਦੇ ਇਕ ਜੱਥੇ ਨਾਲ ਮਿਲ ਕੇ ਮੱਕੇ ਸ਼ਰੀਫ ਪਹੁੰਚ ਗਏ।

ਲੋਕਾਂ ਦੀ ਅਗਿਆਨਤਾ ਦੂਰ ਕਰਨ ਲਈ ਅਤੇ ਸੱਚੇ ਧਰਮ ਦਾ ਪ੍ਰਚਾਰ ਕਰਨ ਲਈ ਆਪ ਕਾਹਬੇ ਵੱਲ ਪੈਰ ਕਰਕੇ ਸੋ ਗਏ।

ਗੁਰੂ ਜੀ ਨੂੰ ਇਸ ਤਰ੍ਹਾਂ ਕਾਹਬੇ ਵੱਲ ਪੈਰ ਕਰਕੇ ਸੁੱਤਾ ਦੇਖ ਕੇ ਹਾਜੀ ਰੌਲਾ ਪਾਉਣ ਲੱਗ ਗਏ। ਜੀਵਨ ਨਾਮ ਦੇ ਇਕ ਹਾਜੀ ਨੇ ਗੁਰੂ ਜੀ ਨੂੰ ਪੈਰ ਨਾਲ ਠੁੱਡ ਮਾਰਿਆ ਤੇ ਕਿਹਾ ਕਿ ਤੂੰ ਕੌਣ ਕਾਫਰ ਹੈਂ ਜੋ ਖੁਦਾ ਵੱਲ ਪੈਰ ਕਰਕੇ ਸੁੱਤਾ ਹੈਂ।

ਗੁਰੂ ਜੀ ਨੇ ਬੜੀ ਮਿੱਠੀ ਅਵਾਜ਼ ਵਿੱਚ ਕਿਹਾ, ਮੈਂ ਪਰਦੇਸੀ ਹਾਂ ਤੇ ਬਹੁਤ ਥੱਕਾ ਹੋਇਆਂ ਹਾਂ, ਤੁਸੀਂ ਮੇਰੇ ਪੈਰ ਉੱਧਰ ਕਰ ਦੇਵੋ ਜਿੱਧਰ ਰੱਬ ਦਾ ਘਰ ਨਹੀਂ।

ਪਰ ਉਹ ਲੋਕ ਗੁਰੂ ਜੀ ਦੇ ਪੈਰ ਜਿੱਧਰ ਵੀ ਕਰਦੇ, ਕਾਹਬਾ ਉੱਧਰ ਹੀ ਨਜ਼ਰ ਆਉਂਦਾ। ਸਾਰੇ ਹਾਜੀ ਇਹ ਦੇਖ ਕੇ ਹੈਰਾਨ ਹੋ ਗਏ।

ਹਾਜੀਆਂ ਦੇ ਮੁਖੀ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ। ਗੁਰੂ ਜੀ ਨੇ ਕਿਹਾ ਕਿ ਹਿੰਦੂ ਜਾਂ ਮੁਸਲਮਾਨ ਹੋਣ ਜਾਂ ਅਖਵਾਉਣ ਨਾਲ ਕੋਈ ਉੱਚਾ ਜਾਂ ਨੀਵਾਂ ਨਹੀਂ ਹੁੰਦਾ, ਬੰਦਾ ਆਪਣੇ ਕਰਮਾਂ ਕਰਕੇ ਉੱਚਾ ਜਾਂ ਨੀਵਾਂ ਹੁੰਦਾ ਹੈ। ਮਰਨ ਤੋਂ ਮਗਰੋਂ ਚੰਗੇ ਮੰਦੇ ਕਰਮਾਂ ਦਾ ਹੀ ਫਲ ਮਿਲਨਾ ਹੈ।

ਹਾਜੀਆਂ ਨੇ ਗੁਰੂ ਜੀ ਦੇ ਉਪਦੇਸ਼ ਨੂੰ ਦਿਲਾਂ ਵਿੱਚ ਧਾਰਨ ਕੀਤਾ ਤੇ ਉਹਨਾਂ ਦੇ ਚਰਨਾਂ ਤੇ ਢਹਿ ਪਏ।