ਗੁਰੂ ਜੀ ਆਪਣੀ ਯਾਤਰਾ ਦੇ ਦੌਰਾਨ ਢਾਕਾ ਪਰਦੇਸ ਪਹੁੰਚੇ ਤਾਂ ਇੱਕ ਧਰਮਸ਼ਾਲਾ ਕੋਲ ਆ ਕੇ ਰੁਕ ਗਏ। ਉਹ ਧਰਮਸ਼ਾਲਾ ਭੂਮੀਆਂ ਨਾਮ ਦੇ ਬੰਦੇ ਨੇ ਬਣਵਾਈ ਸੀ। ਉਥੇ ਉਹ ਲੋੜਵੰਦ ਲੋਕਾਂ ਨੂੰ ਲੰਗਰ ਸ਼ਕਾਇਆ ਕਰਦਾ ਸੀ।
ਜਦੋਂ ਗੁਰੂ ਜੀ ਪਹੁੰਚੇ ਤਾਂ ਭੂਮੀਆਂ ਉਹਨਾਂ ਕੋਲ ਆਇਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਪ੍ਰਸ਼ਾਦ ਛਕੋ। ਤਾਂ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ। ਤਾਂ ਉਸਨੇ ਬਿਲਕੁਲ ਸੱਚ ਦੱਸ ਦਿੱਤਾ ਕਿ ਉਹ ਚੋਰ ਹੈ, ਚੋਰੀ ਕਰ ਕੇ ਗੁਜ਼ਾਰਾ ਕਰਦਾ ਹਾਂ, ਨਾਲੇ ਲੋੜਵੰਦਾਂ ਨੂੰ ਲੰਗਰ ਛਕਾਉਂਦਾ ਹੈ।
ਗੁਰੂ ਜੀ ਨੇ ਕਿਹਾ ਕਿ ਜੇ ਸਾਨੂੰ ਲੰਗਰ ਛਕਾਉਣਾ ਹੈ ਤਾਂ ਮਿਹਨਤ ਦੀ ਕਮਾਈ ਵਿੱਚੋਂ ਛਕਾ। ਭੂਮੀਆਂ ਚੋਰ ਜੰਗਲ ਗਿਆ, ਲਕੜੀਆਂ ਕੱਟ ਕੇ ਵੇਚ ਕੇ ਜਿੰਨੇ ਪੈਸੇ ਮਿਲੇ, ਉਹਨਾਂ ਦਾ ਰਾਸ਼ਨ ਲਿਆ ਕੇ ਗੁਰੂ ਜੀ ਲਈ ਭੋਜਨ ਬਣਵਾਇਆ।
ਗੁਰੂ ਜੀ ਨੇ ਭੋਜਨ ਛਕਿਆ ਤੇ ਕਿਹਾ ਕਿ ਭੂਮੀਆਂ ਤੂੰ ਚੋਰੀ ਛੱਡ ਦੇ। ਤਾਂ ਭੂਮੀਆਂ ਨੇ ਕਿਹਾ ਗੁਰੂ ਜੀ ਮੈਂ ਤੁਹਾਡੇ ਸਾਰੇ ਕਹਿਣੇ ਮੰਨਣ ਨੂੰ ਤਿਆਰ ਹਾਂ ਪਰ ਮੇਰੇ ਕੋਲ ਚੋਰੀ ਨਹੀਂ ਛੱਡੀ ਜਾਣੀ ਕਿਉਂਕਿ ਮੈਂ ਸ਼ੁਰੂ ਤੋਂ ਇਹੀ ਕੰਮ ਕੀਤਾ, ਹੋਰ ਕੁਝ ਨਹੀਂ ਕੀਤਾ।
ਗੁਰੂ ਜੀ ਨੇ ਕਿਹਾ ਫਿਰ ਸਾਡੀਆਂ ਤਿੰਨ ਗੱਲਾਂ ਮੰਨ। ਭੂਮੀਆਂ ਚੋਰ ਨੇ ਕਿਹਾ ਤੁਸੀਂ ਹੁਕਮ ਕਰੋ। ਤਾਂ ਗੁਰੂ ਜੀ ਨੇ ਕਿਹਾ ਪਹਿਲੀ ਗੱਲ ਝੂਠ ਨਹੀਂ ਬੋਲਣਾ, ਦੂਜੀ ਗੱਲ ਕਿਸੇ ਗਰੀਬ ਦਾ ਨੁਕਸਾਨ ਨਹੀਂ ਕਰਨਾ, ਤੀਜੀ ਗੱਲ ਲੂਣ ਹਰਾਮ ਨਹੀਂ ਕਰਨਾ। ਭੂਮੀਆਂ ਚੋਰ ਨੇ ਸਤਿ ਬਚਨ ਕਿਹਾ।
ਅਗਲੇ ਦਿਨ ਭੂਮੀਆਂ ਚੋਰ ਨੇ ਸੋਚਿਆ ਕਿ ਅੱਜ ਰਾਜ ਮਹਿਲ ਵਿੱਚ ਚੋਰੀ ਕਰਦਾ ਹਾਂ, ਜਿਆਦਾ ਪੈਸੇ ਮਿਲ ਗਏ ਤਾਂ ਕੁਝ ਦਿਨ ਨਿਕਲ ਜਾਣਗੇ। ਉਹ ਰਾਜਕੁਮਾਰਾਂ ਵਰਗੇ ਕੱਪੜੇ ਪਾ ਕੇ ਪਹੁੰਚ ਗਿਆ।
ਪਹਿਰੇਦਾਰ ਨੇ ਪੁੱਛਿਆ ਤੂੰ ਕੌਣ ਹੈ। ਤਾਂ ਉਸਨੂੰ ਗੁਰੂ ਜੀ ਦੀ ਪਹਿਲੀ ਗੱਲ ਯਾਦ ਆਈ ਕਿ ਝੂਠ ਨਹੀਂ ਬੋਲਣਾ। ਉਸਨੇ ਕਿਹਾ ਮੈਂ ਚੋਰ ਹਾਂ। ਪਹਿਰੇਦਾਰ ਨੇ ਸੋਚਿਆ ਕਿ ਇੰਨੇ ਵਧੀਆ ਕੱਪੜੇ ਪਾਏ ਹਨ, ਇਹ ਮਜ਼ਾਕ ਕਰਦਾ ਹੈ। ਪਹਿਰੇਦਾਰ ਨੇ ਉਸਨੂੰ ਅੰਦਰ ਜਾਣ ਦਿੱਤਾ।
ਉਸਨੇ ਰਾਜ ਮਹਿਲ ਵਿੱਚ ਜਾਕੇ ਸਾਰਾ ਧਨ ਤੇ ਜੇਵਰ ਵਗੈਰਾ ਇਕੱਠੇ ਕਰ ਲਏ। ਉਥੇ ਇਕ ਪੋਟਲੀ ਵੀ ਪਈ ਸੀ। ਉਸਨੇ ਪੋਟਲੀ ਖੋਲ੍ਹੀ ਤੇ ਜੀਭ ਤੇ ਰੱਖ ਕੇ ਸੁਆਦ ਦੇਖਿਆ, ਤਾਂ ਉਸਨੂੰ ਲੂਣ ਦਾ ਸੁਆਦ ਆਇਆ।
ਉਸਨੂੰ ਗੁਰੂ ਜੀ ਦਾ ਬਚਨ ਯਾਦ ਆਇਆ ਕਿ ਲੂਣ ਗਲਾਮੀ ਨਹੀਂ ਕਰਨੀ। ਉਹ ਸਾਰਾ ਸਮਾਨ ਉਥੇ ਹੀ ਛੱਡ ਕੇ ਵਾਪਸ ਆ ਗਿਆ।
ਇਸ ਤਰ੍ਹਾਂ ਗੁਰੂ ਜੀ ਨੇ ਭੂਮੀਆਂ ਚੋਰ ਨੂੰ ਸੱਚੇ ਰਾਹ ਤੇ ਲਿਆਂਦਾ।