ਗੁਰੂ ਜੀ ਪਾਨੀਪਤ ਆਦਿ ਤੋਂ ਹੁੰਦੇ ਹੋਏ ਹਰਦੁਆਰ ਪਹੁੰਚੇ। ਉਹਨਾਂ ਨੇ ਦੇਖਿਆ ਕਿ ਲੋਕ ਗੰਗਾ ਵਿੱਚ ਖੜੋ ਕੇ ਚੜਦੇ ਪਾਸੇ ਨੂੰ ਮੂੰਹ ਕਰਕੇ ਸੂਰਜ ਵੱਲ ਨੂੰ ਪਾਣੀ ਸੁੱਟ ਰਹੇ ਸਨ।
ਜਦੋਂ ਗੁਰੂ ਜੀ ਨੇ ਪੁੱਛਿਆ ਕਿ ਇਹ ਕੀ ਕਰ ਰਹੇ ਹੋ, ਤਾਂ ਲੋਕਾਂ ਨੇ ਕਿਹਾ ਕਿ ਅਸੀਂ ਪਰਲੋਕ ਵਿੱਚ ਜਾ ਚੁੱਕੇ ਆਪਣੇ ਵੱਡੇਰਿਆਂ ਨੂੰ ਪਾਣੀ ਦੇ ਰਹੇ ਹਾਂ।
ਗੁਰੂ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਤੇ ਆਪ ਜਲਦੀ ਜਲਦੀ ਪੱਛਮ ਵੱਲ ਪਾਣੀ ਸੁੱਟਣ ਲਗ ਗਏ। ਲੋਕਾਂ ਨੇ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ। ਤਾਂ ਗੁਰੂ ਜੀ ਨੇ ਕਿਹਾ ਕਿ ਮੇਰੇ ਖੇਤ ਪੰਜਾਬ ਵਿੱਚ ਹਨ, ਮੈਂ ਉਹਨਾਂ ਨੂੰ ਪਾਣੀ ਦੇ ਰਿਹਾ ਹਾਂ।
ਤਾਂ ਲੋਕ ਹੱਸ ਪਏ ਕਿ ਇਥੋਂ ਪਾਣੀ ਪੰਜਾਬ ਕਿਵੇਂ ਪਹੁੰਚ ਜਾਵੇਗਾ। ਗੁਰੂ ਜੀ ਨੇ ਕਿਹਾ ਕਿ ਜੇ ਤੁਹਾਡਾ ਪਾਣੀ ਪਿਤਰ ਲੋਕਾਂ ਪਹੁੰਚ ਸਕਦਾ ਹੈ, ਤਾਂ ਮੇਰਾ ਪਾਣੀ ਪੰਜਾਬ ਕਿਉਂ ਨਹੀਂ ਪਹੁੰਚ ਸਕਦਾ।
ਲੋਕਾਂ ਕੋਲ ਕੋਈ ਜਵਾਬ ਨਹੀਂ ਸੀ। ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ।
ਗੁਰੂ ਜੀ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਦੀ ਤਿਆਗ ਕਰਕੇ ਸੱਚੇ ਪਰਮਾਤਮਾ ਦੀ ਭਗਤੀ ਦੀ ਉਪਦੇਸ਼ ਦਿੱਤਾ।