ਗੁਰੂ ਨਾਨਕ ਦੇਵ ਜੀ

ਗੁਰੂਦੁਆਰਾ ਪੰਜਾ ਸਾਹਿਬ

ਸਾਖੀ 7
ਪੜ੍ਹਨ ਦੀ ਤਰੱਕੀ 7 / 25

ਇਹ ਗੁਰੂਦੁਆਰਾ ਸਾਹਿਬ ਪਾਕਿਸਤਾਨ ਵਿਚ ਹੈ।

ਗੁਰੂ ਜੀ ਯਾਤਰਾ ਕਰਦੇ ਹੋਏ ਹਸਨ ਅਬਦਾਲ ਪਿੰਡ ਵਿਚ ਪੁਹੰਚੇ ਤੇ ਉਥੇ ਇਕ ਦਰਖਤ ਦੀ ਛਾਂ ਹੇਠ ਬੈਠ ਗਏ।

ਭਾਈ ਮਰਦਾਨਾ ਜੀ ਨੇ ਕਿਹਾ ਕਿ ਗੁਰੂ ਜੀ ਮੈਨੂੰ ਬਹੁਤ ਪਿਆਸ ਲਗੀ ਹੈ।

ਤਾਂ ਗੁਰੂ ਜੀ ਨੇ ਕਿਹਾ ਕਿ ਪਹਾੜ ਦੀ ਚੋਟੀ ਤੇ ਇਕ ਵਲੀ ਕੰਧਾਰੀ ਪੀਰ ਰਹਿੰਦਾ ਹੈ, ਉਥੇ ਪਾਣੀ ਦਾ ਝਰਨਾ ਚਲਦਾ ਹੈ। ਤੁਸੀਂ ਉਸ ਕੋਲੋਂ ਜਾ ਕੇ ਪਾਣੀ ਪੀ ਲਵੋ।

ਮਰਦਾਨਾ ਜੀ ਗੁਰੂ ਜੀ ਦੀ ਗਲ ਮੰਨ ਕੇ ਵਲੀ ਕੰਧਾਰੀ ਕੋਲ ਪਹੁੰਚ ਗਏ ਤੇ ਵਲੀ ਕੰਧਾਰੀ ਕੋਲੋਂ ਹੱਥ ਜੋੜ ਕੇ ਪੀਣ ਲਈ ਪਾਣੀ ਮੰਗਿਆ।

ਤਾਂ ਵਲੀ ਕੰਧਾਰੀ ਨੇ ਪੁੱਛਿਆ ਕਿ ਤੁਸੀਂ ਇਕੱਲੇ ਆਏ ਹੋ।

ਤਾਂ ਭਾਈ ਮਰਦਾਨਾ ਜੀ ਨੇ ਵਲੀ ਕੰਧਾਰੀ ਨੂੰ ਦੱਸਿਆ ਕਿ ਉਹ ਇਥੇ ਗੁਰੂ ਨਾਨਕ ਦੇਵ ਜੀ ਨਾਲ ਆਇਆ ਹੈ, ਉਹ ਬਹੁਤ ਜਿਆਦਾ ਕਰਾਮਾਤੀ ਹਨ।

ਗੁਰੂ ਜੀ ਦੀ ਪ੍ਰਸੰਸਾ ਸੁਣ ਕੇ ਵਲੀ ਕੰਧਾਰੀ ਕਹਿਣ ਲਗਾ ਕਿ ਜੇ ਉਹ ਇੰਨੇ ਹੀ ਕਰਾਮਾਤੀ ਹਨ ਤਾਂ ਤੈਨੂੰ ਪਾਣੀ ਨਹੀਂ ਪਿਲਾ ਸਕਦੇ, ਜਾ ਵਾਪਿਸ ਚਲਾ ਜਾ।

ਇਹ ਗਲ ਸੁਣ ਕੇ ਭਾਈ ਮਰਦਾਨਾ ਜੀ ਵਾਪਿਸ ਆ ਗਏ ਤੇ ਉਹਨਾਂ ਨੇ ਸਾਰੀ ਗਲ ਗੁਰੂ ਜੀ ਨੂੰ ਦੱਸੀ।

ਗੁਰੂ ਜੀ ਨੇ ਇਕ ਵਾਰੀ ਫੇਰ ਭਾਈ ਮਰਦਾਨਾ ਜੀ ਨੂੰ ਵਲੀ ਕੰਧਾਰੀ ਕੋਲ ਪਾਣੀ ਲੈਣ ਲਈ ਭੇਜਿਆ ਪਰ ਵਲੀ ਕੰਧਾਰੀ ਨੇ ਬਿਨਾ ਪਾਣੀ ਦਿੱਤੇ ਭਾਈ ਮਰਦਾਨਾ ਜੀ ਨੂੰ ਵਾਪਿਸ ਭੇਜ ਦਿੱਤਾ।

ਜਦੋਂ ਭਾਈ ਮਰਦਾਨਾ ਜੀ ਦੁਬਾਰਾ ਵਾਪਿਸ ਆ ਗਏ ਤਾਂ ਗੁਰੂ ਜੀ ਨੇ ਆਪਣੇ ਹੱਥ ਵਿੱਚ ਫੜੀ ਸੋਟੀ ਨੂੰ ਜ਼ਮੀਨ ਵਿਚ ਮਾਰਿਆ ਤਾਂ ਉਥੇ ਪਾਣੀ ਦਾ ਝਰਨਾ ਚਲ ਪਿਆ।

ਇਹ ਦੇਖ ਕੇ ਵਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ, ਉਸ ਨੇ ਗੁੱਸੇ ਵਿੱਚ ਇਕ ਬਹੁਤ ਵੱਡਾ ਪੱਥਰ ਗੁਰੂ ਜੀ ਵਲ ਸੁੱਟਿਆ।

ਜਦੋਂ ਗੁਰੂ ਜੀ ਨੇ ਪੱਥਰ ਆਉਂਦਾ ਦੇਖਿਆ ਤਾਂ ਉਹਨਾਂ ਨੇ ਆਪਣਾ ਹੱਥ ਉਪਰ ਕਰਕੇ ਪੱਥਰ ਨੂੰ ਰੋਕ ਲਿਆ।

ਇਸ ਪੱਥਰ ਤੇ ਗੁਰੂ ਜੀ ਦੇ ਪੰਜੇ ਦੇ ਨਿਸ਼ਾਨ ਅੱਜ ਵੀ ਨਜ਼ਰ ਆਉਂਦੇ ਹਨ, ਇਸ ਕਰਕੇ ਗੁਰੂਦੁਆਰਾ ਸਾਹਿਬ ਦਾ ਨਾਮ ਪੰਜਾ ਸਾਹਿਬ ਪਿਆ।