ਗੁਰੂ ਨਾਨਕ ਦੇਵ ਜੀ ਤਲਵੰਡੀ ਤੋਂ ਚਲ ਕੇ ਏਮਨਾਬਾਦ ਪਹੁੰਚੇ, ਤਾਂ ਭਾਈ ਲਾਲੋ ਜੀ ਨੂੰ ਪਤਾ ਲੱਗਾ। ਉਹ ਦੌੜ ਕੇ ਗੁਰੂ ਜੀ ਕੋਲ ਪਹੁੰਚਿਆ ਤੇ ਉਹਨਾਂ ਨੂੰ ਆਪਣੇ ਘਰ ਲੈ ਕੇ ਆਇਆ। ਫਿਰ ਰੋਟੀ ਤਿਆਰ ਕੀਤੀ। ਗੁਰੂ ਜੀ ਨੇ ਬੜੇ ਪਿਆਰ ਨਾਲ ਰੋਟੀ ਖਾਧੀ।
ਅਗਲੇ ਦਿਨ ਸ਼ਹਿਰ ਦੇ ਬੜੇ ਅਮੀਰ ਆਦਮੀ ਮਲਕ ਭਾਗੋ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਠਹਿਰੇ ਹਨ। ਉਸਨੇ ਗੁਰੂ ਜੀ ਨੂੰ ਆਪਣੇ ਘਰ ਬੁਲਾਇਆ ਤੇ ਗੁਰੂ ਜੀ ਲਈ ਬਹੁਤ ਵਧੀਆ ਭੋਜਨ ਤਿਆਰ ਕਰਵਾਇਆ। ਪਰ ਗੁਰੂ ਜੀ ਨੇ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ।
ਮਲਕ ਭਾਗੋ ਨੇ ਕਿਹਾ ਕਿ ਤੁਸੀਂ ਭਾਈ ਲਾਲੋ ਦੀ ਸੁੱਕੀ ਰੋਟੀ ਖਾਧੀ, ਮੈਂ ਤੁਹਾਡੇ ਲਈ ਖੀਰ ਪੂਰੀ ਬਣਵਾਈ ਪਰ ਤੁਸੀਂ ਮਣਾ ਕਰ ਦਿੱਤਾ। ਗੁਰੂ ਜੀ ਨੇ ਕਿਹਾ ਕਿ ਮਲਕ ਭਾਗੋ, ਸਾਨੂੰ ਤੇਰੀ ਰੋਟੀ ਵਿੱਚ ਗਰੀਬਾਂ ਦਾ ਖੂਨ ਦਿਸਦਾ ਹੈ। ਮਲਕ ਭਾਗੋ ਨੇ ਕਿਹਾ ਇਹ ਨਹੀਂ ਹੋ ਸਕਦਾ।
ਤਾਂ ਗੁਰੂ ਜੀ ਨੇ ਭਾਈ ਲਾਲੋ ਦੇ ਘਰੋਂ ਰੋਟੀ ਮੰਗਵਾਈ। ਉਹਨਾਂ ਨੇ ਇੱਕ ਹੱਥ ਵਿੱਚ ਭਾਈ ਲਾਲੋ ਦੀ ਤੇ ਦੂਜੇ ਹੱਥ ਵਿੱਚ ਮਲਕ ਭਾਗੋ ਦੀ ਰੋਟੀ ਪਕੜ ਕੇ ਜੋਰ ਨਾਲ ਦਬਾਇਆ। ਤਾਂ ਮਲਕ ਭਾਗੋ ਦੀ ਰੋਟੀ ਵਿੱਚੋਂ ਖੂਨ ਡਿੱਗਣ ਲੱਗਾ ਤੇ ਭਾਈ ਲਾਲੋ ਜੀ ਦੀ ਰੋਟੀ ਵਿੱਚੋਂ ਦੁੱਧ ਡਿੱਗਣ ਲੱਗਾ। ਸਾਰੇ ਇਹ ਦੇਖ ਕੇ ਹੈਰਾਨ ਹੋ ਗਏ।
ਤਾਂ ਗੁਰੂ ਜੀ ਨੇ ਸਮਝਾਇਆ ਕਿ ਭਾਈ ਲਾਲੋ ਦਸਾਂ ਨੂਹਾਂ ਦੀ ਕਿਰਤ ਕਰਦਾ ਹੈ, ਇਸਲਈ ਉਸ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ ਹੈ।
ਇਸ ਸਾਖੀ ਵਿੱਚ ਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਇਹੀ ਸਿੱਖਿਆ ਦਿੱਤੀ ਕਿ ਹਮੇਸ਼ਾ ਮਿਹਨਤ ਦੀ ਹੀ ਕਮਾਈ ਕਰਨੀ ਚਾਹੀਦੀ ਹੈ।