ਲਹਿਣਾ ਜੀ ਦੇ ਪਿਤਾ ਫੇਰੂ ਮੱਲ ਜੀ ਦੇਵੀ ਦੇ ਭਗਤ ਸਨ। ਉਹ ਹਰ ਸਾਲ ਦੇਵੀ ਦੇ ਦਰਸ਼ਨ ਲਈ ਜਵਾਲਾਮੁਖੀ ਜਾਇਆ ਕਰਦੇ ਸਨ।
ਬਾਬਾ ਫੇਰੂ ਮੱਲ ਜੀ ਜਦੋਂ ਅਕਾਲ ਚਲਾਣਾ ਕਰ ਗਏ, ਤਾਂ ਸਾਰੀ ਜਿੰਮੇਵਾਰੀ ਲਹਿਣਾ ਜੀ ਤੇ ਆ ਗਈ। ਉਨ੍ਹਾਂ ਨੇ ਸਾਰੀਆਂ ਜਿੰਮੇਵਾਰੀਆਂ ਨੂੰ ਬੜੇ ਯੋਗਤਾ ਨਾਲ ਨਿਬਾਹਿਆ ਤੇ ਸਾਰੀ ਸੰਗਤ ਨਾਲ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ।
ਖਡੂਰ ਵਿੱਚ ਗੁਰੂ ਨਾਨਕ ਜੀ ਦਾ ਇੱਕ ਸਿੱਖ ਭਾਈ ਜੋਧਾ ਰਹਿੰਦਾ ਸੀ। ਉਹ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਜੀ ਦੀ ਬਾਣੀ ਦਾ ਪਾਠ ਕਰਦਾ ਸੀ।
ਇੱਕ ਦਿਨ ਭਾਈ ਜੋਧਾ ਜੀ ਪਿੰਡੋਂ ਬਾਹਰ ਟੋਬੇ ਕੋਲ ਬੈਠੇ ਪਾਠ ਕਰ ਰਹੇ ਸਨ। ਉਧਰੋਂ ਲਹਿਣਾ ਜੀ ਵੀ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਜਦੋਂ ਉਨ੍ਹਾਂ ਨੇ ਭਾਈ ਜੋਧਾ ਜੀ ਦੀ ਮਿੱਠੀ ਅਵਾਜ਼ ਸੁਣੀ, ਤਾਂ ਉਹ ਉੱਥੇ ਹੀ ਬੈਠ ਗਏ। ਉਹਨਾਂ ਦੇ ਮਨ ਨੂੰ ਇੰਨੀ ਸ਼ਾਂਤੀ ਮਿਲੀ, ਜਿਹੜੀ ਪਹਿਲਾਂ ਕਦੇ ਨਹੀਂ ਮਿਲੀ ਸੀ।
ਜਦੋਂ ਭਾਈ ਜੋਧਾ ਜੀ ਨੇ ਪਾਠ ਦਾ ਭੋਗ ਪਾਇਆ, ਤਾਂ ਲਹਿਣਾ ਜੀ ਨੇ ਪੁੱਛਿਆ ਕਿ ਤੁਸੀਂ ਕਿਸ ਦੀ ਬਾਣੀ ਗਾ ਰਹੇ ਸੀ। ਤਾਂ ਉਹਨਾਂ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾ ਰਹੇ ਸਨ। ਲਹਿਣਾ ਜੀ ਦੇ ਮਨ ਵਿੱਚ ਗੁਰੂ ਜੀ ਨੂੰ ਮਿਲਣ ਦੀ ਉਤਸੁਕਤਾ ਪੈਦਾ ਹੋ ਗਈ।
ਭਾਈ ਜੋਧਾ ਜੀ ਨੇ ਲਹਿਣਾ ਜੀ ਦੇ ਪੁੱਛਣ ਤੇ ਗੁਰੂ ਨਾਨਕ ਜੀ ਬਾਰੇ ਦੱਸਿਆ ਕਿ ਅੱਜਕਲ ਉਹ ਕਰਤਾਰਪੁਰ ਵਿੱਚ ਰਹਿ ਰਹੇ ਹਨ।