ਗੁਰੂ ਤੇਗ ਬਹਾਦੁਰ ਜੀ

ਕਸ਼ਮੀਰੀ ਪੰਡਤਾਂ ਦੀ ਪੁਕਾਰ

ਸਾਖੀ 5
ਪੜ੍ਹਨ ਦੀ ਤਰੱਕੀ 5 / 7

ਔਰੰਗਜ਼ੇਬ ਕੱਟੜ ਮੁਸਲਮਾਨ ਤੇ ਪੱਥਰ-ਦਿਲ ਇਨਸਾਨ ਸੀ। ਉਹ ਹਿੰਦੂਆਂ ਨੂੰ ਕਾਫ਼ਿਰ ਕਹਿੰਦਾ ਸੀ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗਾ ਤੇ ਤਰ੍ਹਾਂ-ਤਰ੍ਹਾਂ ਦੇ ਅਤਿਆਚਾਰ ਕੀਤੇ ਜਾਣ ਲੱਗੇ। ਸਾਰੇ ਦੇਸ਼ ਵਿੱਚ ਹਾਹਾਕਾਰ ਮੱਚੀ ਸੀ। ਲੋਕ ਬਹੁਤ ਡਰ ਗਏ ਸਨ।

ਲੋਕਾਂ ਦੀ ਇਹ ਹਾਲਤ ਦੇਖ ਕੇ ਕਸ਼ਮੀਰ ਦੇ ਪੰਡਤਾਂ ਨੇ ਫ਼ੈਸਲਾ ਕੀਤਾ ਕਿ ਧਰਮ ਦੀ ਰੱਖਿਆ ਲਈ ਗੁਰੂ ਤੇਗ ਬਹਾਦੁਰ ਜੀ ਦੀ ਸਰਨ ਲਈ ਜਾਇਆ ਜਾਵੇ ਤੇ ਉਨ੍ਹਾਂ ਅੱਗੇ ਪੁਕਾਰ ਕੀਤੀ ਜਾਵੇ। ਇਹ ਫ਼ੈਸਲਾ ਕਰਕੇ ਪੰਡਤਾਂ ਦੀ ਇਕ ਟੋਲੀ ਅਨੰਦਪੁਰ ਸਾਹਿਬ ਪਹੁੰਚੀ। ਉਨ੍ਹਾਂ ਨੇ ਗੁਰੂ ਜੀ ਨੂੰ ਆਪਣੀ ਦੁੱਖ-ਭਰੀ ਕਹਾਣੀ ਸੁਣਾਈ। ਗੁਰੂ ਜੀ ਪੰਡਤਾਂ ਦੀ ਪੁਕਾਰ ਸੁਣ ਕੇ ਵਿਚਾਰ ਕਰਨ ਲੱਗ ਗਏ।

ਇਨੀ ਦੇਰ ਵਿੱਚ ਗੁਰੂ ਜੀ ਦੇ ਸਾਹਿਬਜ਼ਾਦੇ ਗੋਬਿੰਦ ਰਾਇ ਜੀ ਆ ਗਏ ਤੇ ਪਿਤਾ ਜੀ ਨੂੰ ਪੁੱਛਣ ਲੱਗੇ ਕਿ ਤੁਸੀਂ ਇੰਨੇ ਸੋਚੀਂ ਕਿਉਂ ਪਏ ਹੋ। ਗੁਰੂ ਤੇਗ ਬਹਾਦੁਰ ਜੀ ਨੇ ਦੱਸਿਆ ਕਿ ਦੇਸ਼ ਵਿੱਚ ਧਰਮ ਦੇ ਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਆਮ ਲੋਕਾਂ ਵਿੱਚ ਇਸ ਜ਼ੁਲਮ ਦਾ ਟਾਕਰਾ ਕਰਨ ਦੀ ਹਿੰਮਤ ਨਹੀਂ। ਇਹ ਕੰਮ ਕੋਈ ਮਹਾਂ-ਬਲੀ ਹੀ ਕਰ ਸਕਦਾ ਹੈ।

ਗੋਬਿੰਦ ਰਾਇ ਜੀ ਨੇ ਕਿਹਾ ਕਿ ਪਿਤਾ ਜੀ, ਆਪ ਤੋਂ ਵੱਧ ਹੋਰ ਕੌਣ ਬਲੀ ਹੋ ਸਕਦਾ ਹੈ! ਤਾਂ ਗੁਰੂ ਤੇਗ ਬਹਾਦੁਰ ਜੀ ਨੇ ਪੰਡਤਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਸੂਬੇਦਾਰ ਨੂੰ ਜਾ ਕੇ ਕਹਿ ਦਿਉ ਕਿ ਸਾਡੇ ਆਗੂ ਗੁਰੂ ਤੇਗ ਬਹਾਦੁਰ ਜੀ ਹਨ। ਜੇ ਉਹ ਮੁਸਲਮਾਨ ਬਣ ਜਾਣ, ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ।