ਗੁਰੂ ਤੇਗ ਬਹਾਦੁਰ ਜੀ

ਗੁਰੂ ਤੇਗ ਬਹਾਦੁਰ ਜੀ ਨੂੰ ਗੁਰਆਈ

ਸਾਖੀ 2
ਪੜ੍ਹਨ ਦੀ ਤਰੱਕੀ 2 / 7

ਮੱਖਣ ਸ਼ਾਹ ਲੁਬਾਣਾ ਇੱਕ ਵੱਡਾ ਵਪਾਰੀ ਸੀ ਜੋ ਸਮੁੰਦਰੀ ਜਹਾਜ਼ਾਂ ਦਾ ਮਾਲਕ ਸੀ। ਉਸਦੇ ਕਈ ਜਹਾਜ਼ ਸਮੁੰਦਰ ਵਿੱਚ ਵਪਾਰ ਲਈ ਚਲਦੇ ਸਨ। ਇੱਕ ਵਾਰ ਉਸਦੇ ਜਹਾਜ਼ ਭਿਆਨਕ ਤੂਫ਼ਾਨ ਵਿੱਚ ਫਸ ਗਏ। ਜਹਾਜ਼ ਡੁੱਬਣ ਦੇ ਕਿਨਾਰੇ ਸਨ। ਉਸ ਸਮੇਂ ਮੱਖਣ ਸ਼ਾਹ ਨੇ ਅਰਦਾਸ ਕੀਤੀ ਕਿ ਜੇਕਰ ਉਸਦੇ ਜਹਾਜ਼ ਸੁਰੱਖਿਤ ਰਹਿ ਜਾਣ, ਤਾਂ ਉਹ ਗੁਰੂ ਜੀ ਨੂੰ ਹਜ਼ਾਰ ਮੋਹਰਾਂ ਦਾ ਦਸਵੰਧ ਭੇਟ ਕਰੇਗਾ।

ਅਰਦਾਸ ਕਰਨ ਤੋਂ ਬਾਅਦ ਤੂਫ਼ਾਨ ਸ਼ਾਂਤ ਹੋ ਗਿਆ ਤੇ ਸਾਰੇ ਜਹਾਜ਼ ਸੁਰੱਖਿਤ ਰਹੇ। ਮੱਖਣ ਸ਼ਾਹ ਆਪਣੀ ਅਰਦਾਸ ਪੂਰੀ ਕਰਨ ਲਈ ਗੁਰੂ ਜੀ ਦੀ ਭਾਲ ਵਿੱਚ ਨਿਕਲਿਆ।

ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ-ਜੋਤਿ ਸਮਾਉਣ ਲੱਗੇ ਕਿਹਾ ਸੀ ਕਿ ਨੌਵੇਂ ਗੁਰੂ ਬਾਬਾ ਬਕਾਲਾ ਵਿੱਚ ਹੋਣਗੇ। ਉੱਥੇ ਕਈ ਸੋਢੀ ਗੁਰੂ ਬਣ ਕੇ ਬੈਠ ਗਏ ਪਰ ਸੰਗਤਾਂ ਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ। ਹਰ ਸਿੱਖ ਅਰਦਾਸ ਕਰਦਾ ਸੀ ਕਿ ਸੱਚੇ ਪਾਤਸ਼ਾਹ ਸੱਚੇ ਗੁਰੂ ਜੀ ਜਲਦੀ ਪ੍ਰਗਟ ਹੋਣ।

ਸੰਮਤ ੧੭੨੨ ਵਿੱਚ ਮੱਖਣ ਸ਼ਾਹ ਲੁਬਾਣਾ ਬਕਾਲਾ ਪੁੱਜਾ। ਉਹ ਗੁਰੂ ਜੀ ਲਈ ਦਸਵੰਧ ਭੇਟਾ ਤੇ ਮੋਹਰਾਂ ਲੈ ਕੇ ਆਇਆ ਸੀ। ਪਰ ਜਦੋਂ ਉਸਨੇ ਦੇਖਿਆ ਕਿ ਇੱਥੇ ਤਾਂ ਬਹੁਤ ਸਾਰੇ ਗੁਰੂ ਬਣ ਕੇ ਬੈਠੇ ਹਨ, ਤਾਂ ਉਸਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪਣੀ ਅਮਾਨਤ ਤੁਸੀਂ ਆਪ ਮੰਗ ਲਵੋ, ਮੈਨੂੰ ਕੁਝ ਸਮਝ ਨਹੀਂ ਆ ਰਿਹਾ।

ਉਸਨੇ ਸਾਰਿਆਂ ਅੱਗੇ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਹਰ ਕੋਈ ਮੋਹਰਾਂ ਦੇਖ ਕੇ ਖੁਸ਼ ਹੋ ਗਿਆ ਪਰ ਕਿਸੇ ਨੇ ਅਸਲੀ ਰਕਮ ਦੀ ਗੱਲ ਨਹੀਂ ਕੀਤੀ। ਮੱਖਣ ਸ਼ਾਹ ਇਹ ਦੇਖ ਕੇ ਬੜਾ ਉਦਾਸ ਹੋਇਆ।

ਉਸਨੇ ਲੋਕਾਂ ਕੋਲੋਂ ਪੁੱਛਿਆ ਕਿ ਇੱਥੇ ਹੋਰ ਕੋਈ ਸੋਢੀ ਵੀ ਰਹਿੰਦਾ ਹੈ। ਤਾਂ ਲੋਕਾਂ ਨੇ ਤੇਗ ਬਹਾਦੁਰ ਜੀ ਬਾਰੇ ਦੱਸਿਆ ਕਿ ਉਹ ਭੋਰੇ ਵਿੱਚ ਬੈਠ ਕੇ ਭਜਨ-ਬੰਦਗੀ ਕਰਦੇ ਹਨ। ਉਹ ਕਿਸੇ ਨੂੰ ਮਿਲਦੇ ਨਹੀਂ ਹਨ। ਮੱਖਣ ਸ਼ਾਹ ਨੇ ਗੁਰੂ ਦਾ ਵਾਸਤਾ ਪਾ ਕੇ ਦਰਵਾਜ਼ਾ ਖੁਲ੍ਹਵਾਇਆ। ਅੰਦਰ ਪਹੁੰਚਦਿਆਂ ਹੀ ਉਸ ਦਾ ਮਨ ਤੇ ਆਤਮਾ ਸ਼ਾਂਤ ਹੋ ਗਈ।

ਫਿਰ ਵੀ ਉਸਨੇ ਪਹਿਲਾਂ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਤਾਂ ਤੇਗ ਬਹਾਦੁਰ ਜੀ ਨੇ ਕਿਹਾ ਕਿ ਜਹਾਜ਼ ਡੁੱਬਣ ਲੱਗੇ ਤੁਸੀਂ ਹਜ਼ਾਰ ਮੋਹਰਾਂ ਕਹੀ ਸੀ, ਹੁਣ ਸਿਰਫ਼ ਦੋ ਨਾਲ ਹੀ ਮੱਥਾ ਟੇਕ ਰਹੇ ਹੋ। ਇਹ ਗੱਲ ਸੁਣ ਕੇ ਮੱਖਣ ਸ਼ਾਹ ਖੁਸ਼ ਹੋ ਗਿਆ। ਉਸਨੇ ਹਜ਼ਾਰ ਮੋਹਰਾਂ ਅੱਗੇ ਰੱਖ ਕੇ ਮੱਥਾ ਟੇਕਿਆ ਤੇ ਕੋਠੇ ਚੱੜ੍ਹ ਕੇ ਉੱਚੀ-ਉੱਚੀ ਕਹਿਣ ਲੱਗਾ ਕਿ ਸੱਚਾ ਗੁਰੂ ਲੱਭ ਪਿਆ ਹੈ।

ਮੱਖਣ ਸ਼ਾਹ ਦੀ ਅਵਾਜ਼ ਸੁਣ ਕੇ ਸੰਗਤਾਂ ਖੁਸ਼ੀ ਨਾਲ ਇਕੱਠੀਆਂ ਹੋ ਗਈਆਂ। ਇੱਕ ਸਿੱਖ ਪੰਜ ਪਾਸੇ ਤੇ ਨਰੇਲ ਲਿਆਇਆ ਸੀ, ਉਹ ਗੁਰੂ ਜੀ ਨੂੰ ਭੇਟ ਕੀਤੇ ਗਏ। ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਆਪ ਨੂੰ ਗੁਰਆਈ ਦਾ ਤਿਲਕ ਲਗਾਇਆ।

ਇਸ ਤਰ੍ਹਾਂ ਸੰਮਤ ੧੭੨੨ ਵਿੱਚ ਗੁਰੂ ਤੇਗ ਬਹਾਦੁਰ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਗੁਰ-ਗੱਦੀ ਦੀ ਜਿੰਮੇਵਾਰੀ ਸੰਭਾਲੀ।