ਜਦੋਂ ਔਰੰਗਜ਼ੇਬ ਆਪਣੇ ਪਿਤਾ ਸਾਹ ਜਹਾਨ ਨੂੰ ਕੈਦ ਕਰ ਕੇ ਤੇ ਆਪਣੇ ਭਰਾਵਾਂ ਨੂੰ ਮਾਰ ਕੇ ਆਪ ਦਿੱਲੀ ਦੇ ਤਖਤ ਤੇ ਬੈਠ ਗਿਆ, ਤਾਂ ਉਸਨੇ ਸਭ ਤੋਂ ਪਹਿਲਾਂ ਇਹੀ ਸੋਚਿਆ ਕਿ ਜੇ ਸਿੱਖਾਂ ਦੇ ਗੁਰੂ ਮੁਸਲਮਾਨ ਬਣ ਜਾਣ, ਤਾਂ ਲੱਖਾਂ ਹੀ ਹਿੰਦੂ ਤੇ ਸਿੱਖ ਇਸਲਾਮ ਕਬੂਲ ਕਰ ਲੈਣਗੇ। ਇਸ ਕਰਕੇ ਉਸਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ।
ਗੁਰੂ ਜੀ ਨੇ ਆਪਣੇ ਵੱਡੇ ਸਾਹਿਬਜਾਦੇ ਰਾਮਰਾਇ ਜੀ ਨੂੰ ਦਿੱਲੀ ਭੇਜਣ ਲਈ ਤਿਆਰ ਕੀਤਾ ਅਤੇ ਰਾਮਰਾਇ ਜੀ ਨੂੰ ਪੱਕਾ ਕੀਤਾ ਕਿ ਜੋ ਕੁਝ ਵੀ ਪੁੱਛਿਆ ਜਾਵੇ, ਉਸਦਾ ਨਿਰਭੈ ਹੋ ਕੇ ਤੇ ਗੁਰੂ ਨਾਨਕ ਜੀ ਦੇ ਉਪਦੇਸ਼ ਦੇ ਅਨੁਸਾਰ ਜਵਾਬ ਦੇਣਾ।
ਜਦੋਂ ਰਾਮਰਾਇ ਦਿੱਲੀ ਪਹੁੰਚੇ, ਤਾਂ ਔਰੰਗਜ਼ੇਬ ਨੇ ਚੰਗਾ ਆਦਰ ਕੀਤਾ। ਔਰੰਗਜ਼ੇਬ ਨੇ ਰਾਮਰਾਇ ਕੋਲੋਂ ਸਿੱਖ ਧਰਮ ਬਾਰੇ ਕਈ ਸਵਾਲ ਕੀਤੇ। ਰਾਮਰਾਇ ਨੇ ਉਨ੍ਹਾਂ ਦਾ ਜਵਾਬ ਨਿੱਡਰ ਹੋ ਕੇ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਦੇ ਅਨੁਸਾਰ ਜਵਾਬ ਦਿੱਤੇ।
ਜਦੋਂ ਔਰੰਗਜ਼ੇਬ ਨੂੰ ਸਿੱਖ ਧਰਮ ਵਿੱਚ ਕੋਈ ਵੀ ਇਤਰਾਜ਼ ਯੋਗ ਗੱਲ ਨਹੀਂ ਲੱਭੀ, ਤਾਂ ਉਸਨੇ ਕਿਹਾ ਕਿ ਗੁਰਬਾਣੀ ਵਿੱਚ ਇਹ ਕਿਉਂ ਲਿਖਿਆ ਹੈ ਕਿ: “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ੍ਆਰ”
ਤਾਂ ਰਾਮਰਾਇ ਨੇ ਝੂਠ ਬੋਲ ਦਿੱਤਾ। ਕਹਿਣ ਲੱਗਾ ਕਿ ਨਹੀਂ ਬਾਦਸ਼ਾਹ, ਬਾਣੀ ਵਿੱਚ ਲਿਖਿਆ ਹੈ “ਮਿਟੀ ਬੇਈਮਾਨ ਕੀ”। ਬਾਦਸ਼ਾਹ ਖੁਸ਼ ਹੋ ਗਿਆ।
ਜਦੋਂ ਗੁਰੂ ਹਰਿਰਾਇ ਜੀ ਨੂੰ ਪਤਾ ਲੱਗਾ ਕਿ ਰਾਮਰਾਇ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਬੇਅਦਬੀ ਕੀਤੀ ਹੈ, ਤਾਂ ਉਹਨਾਂ ਨੇ ਆਗਿਆ ਕਰ ਦਿੱਤੀ ਕਿ ਰਾਮਰਾਇ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ।