ਆਪ ਜੀ ਹਿਰਦੇ ਦੇ ਇੰਨੇ ਕੋਮਲ ਸਨ ਕਿ ਇੱਕ ਦਿਨ ਆਪ ਕਰਤਾਰਪੁਰ ਦੇ ਬਾਗ ਵਿੱਚ ਟਹਿਲ ਰਹੇ ਸਨ। ਇੱਕਦਮ ਤੇਜ਼ ਹਵਾ ਚੱਲ ਪਈ। ਆਪ ਜੀ ਨੇ ਖੁੱਲਾ ਜਾਮਾ ਪਹਿਨਿਆ ਸੀ। ਕੁਝ ਫੁੱਲ ਜਾਮੇ ਨਾਲ ਲੱਗ ਕੇ ਟੁੱਟ ਗਏ। ਇਹ ਦੇਖ ਕੇ ਆਪ ਬਹੁਤ ਉਦਾਸ ਹੋ ਗਏ।
ਅਜੇ ਆਪ ਇਸ ਤਰ੍ਹਾਂ ਹੀ ਉਦਾਸ ਖੜੇ ਸਨ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਆ ਗਏ। ਉਨ੍ਹਾਂ ਨੇ ਇਸ ਤਰ੍ਹਾਂ ਹਰਿਰਾਇ ਜੀ ਦੀ ਉਦਾਸੀ ਦਾ ਕਾਰਣ ਪੁੱਛਿਆ, ਤਾਂ ਹਰਿਰਾਇ ਜੀ ਨੇ ਆਪਣੇ ਜਾਮੇ ਨਾਲ ਅੱੜ ਕੇ ਫੁੱਲਾਂ ਦੇ ਟੁੱਟਣ ਬਾਰੇ ਦੱਸਿਆ। ਤਾਂ ਗੁਰੂ ਹਰਗੋਬਿੰਦ ਜੀ ਨੇ ਕਿਹਾ ਕਿ ਜੇਕਰ ਇਹੋ ਜਿਹਾ ਖੁੱਲਾ ਜਾਮਾ ਪਾਉਣਾ ਹੋਵੇ, ਤਾਂ ਉਸਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਕੋਮਲ ਚੀਜ਼ਾਂ ਦਾ ਨੁਕਸਾਨ ਨਾ ਹੋਵੇ।
ਸ਼੍ਰੀ ਹਰਿਰਾਇ ਜੀ ਨੇ ਆਪਣੇ ਦਾਦਾ ਗੁਰੂ ਜੀ ਦਾ ਇਹ ਉਪਦੇਸ਼ ਪੱਲੇ ਬੰਨ੍ਹ ਲਿਆ ਤੇ ਸਾਰੀ ਉਮਰ ਇਸ ਦੀ ਵਰਤੋਂ ਕੀਤੀ। ਆਪ ਸਾਰੀ ਉਮਰ ਇੱਕ ਪਾਸੇ ਨਿਰਭੈ, ਸੂਰਬੀਰਤਾ ਅਤੇ ਦੂਜੇ ਪਾਸੇ ਤਰਸ, ਦਇਆ, ਪ੍ਰੇਮ, ਤੇ ਕੋਮਲਤਾ ਦਾ ਨਮੂਨਾ ਸੀ।