ਗੁਰੂ ਅਰਜਨ ਦੇਵ ਜੀ

ਸ਼ੀ੍ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ

ਸਾਖੀ 6
ਪੜ੍ਹਨ ਦੀ ਤਰੱਕੀ 6 / 6

ਗੁਰੂ ਜੀ ਦੇ ਸਾਝੇਂ ਉਪਦੇਸ਼ ਕਰਕੇ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਸੰਗਤ ਵੀ ਉਨ੍ਹਾਂ ਨਾਲ ਜੁੜ ਗਈ ਸੀ। ਅਕਬਰ ਬਾਦਸ਼ਾਹ ਬੜੇ ਖੁਲ੍ਹੇ ਦਿਲ ਦਾ ਸੀ। ਗੁਰੂ ਜੀ ਦੇ ਕਈਆਂ ਵੈਰੀਆਂ ਨੇ ਅਕਬਰ ਕੋਲ ਸ਼ਿਕਾਇਤ ਵੀ ਕੀਤੀ ਸੀ ਪਰ ਉਹ ਆਪ ਗੁਰੂ ਜੀ ਨੂੰ ਮਿਲ ਕੇ ਬਹੁਤ ਪ੍ਭਾਵਿਤ ਹੋਇਆ। ਇਸ ਕਰਕੇ ਉਸਨੇ ਗੁਰੂ ਜੀ ਦੇ ਪ੍ਰਚਾਰ ਦੇ ਰਸਤੇ ਵਿੱਚ ਰੁਕਾਵਟ ਨਹੀਂ ਪਾਈ।

ਅਕਬਰ ਦੀ ਮੌਤ ਦੇ ਬਾਦ ਜਹਾਂਗੀਰ ਬਾਦਸ਼ਾਹ ਬਣ ਗਿਆ। ਜਹਾਂਗੀਰ ਬੜਾ ਹੀ ਈਰਖਾ ਦਾ ਭਰਿਆ ਹੋਇਆ ਸੀ। ਗੁਰੂ ਜੀ ਦੇ ਵੈਰੀਆਂ ਨੂੰ ਮੌਕਾ ਮਿਲ ਗਿਆ। ਉਨ੍ਹਾਂ ਨੇ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜਹਾਂਗੀਰ ਨੇ ਪੱਕਾ ਮੰਨ ਬਣਾ ਲਿਆ ਕਿ ਉਹ ਗੁਰੂ ਜੀ ਨੂੰ ਮੁਸਲਮਾਨ ਬਣਾਏਗਾ।

ਜਹਾਂਗੀਰ ਨੂੰ ਬਹਾਨੇ ਦੀ ਲੋੜ ਸੀ। ਜਲਦੀ ਹੀ ਜਹਾਂਗੀਰ ਦੇ ਆਪਣੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਤਾਂ ਜਹਾਂਗੀਰ ਨੇ ਹੁਕਮ ਦਿੱਤਾ ਕਿ ਜਿਹੜਾ ਵੀ ਖੁਸਰੋ ਦੀ ਮਦਦ ਕਰੇਗਾ ਉਸਨੂੰ ਕੜੀ ਸਜ਼ਾ ਦਿੱਤੀ ਜਾਵੇਗੀ। ਗੁਰੂ ਜੀ ਦੇ ਵੈਰੀਆਂ ਨੇ ਝੂਠੀ ਕਹਾਣੀ ਬਣਾ ਕੇ ਜਹਾਂਗੀਰ ਨੂੰ ਦੱਸੀ ਕਿ ਖੁਸਰੋ ਗੁਰੂ ਜੀ ਨੂੰ ਮਿਲਿਆ ਸੀ। ਉਨ੍ਹਾਂ ਨੇ ਉਸਦੀ ਸਹਾਇਤਾ ਵੀ ਕੀਤੀ ਸੀ।

ਜਹਾਂਗੀਰ ਨੇ ਹੁਕਮ ਕੀਤਾ ਕਿ ਗੁਰੂ ਜੀ ਨੂੰ ਮੇਰੇ ਸਾਮ੍ਹਣੇ ਹਾਜ਼ਰ ਕੀਤਾ ਜਾਵੇ। ਗੁਰੂ ਜੀ ਗਿ੍ਫ਼ਤਾਰੀ ਦਾ ਹੁਕਮ ਕਰਕੇ ਤੇ ਉਨ੍ਹਾਂ ਦਾ ਮਾਮਲਾ ਆਪਣੇ ਵਜੀਰ ਚੰਦੂ ਨੂੰ ਸੌਂਪ ਕੇ ਆਪ ਦਿੱਲੀ ਚਲਾ ਗਿਆ।

ਚੰਦੂ ਨੂੰ ਗੁਰੂ ਜੀ ਨਾਲ ਪਹਿਲਾਂ ਹੀ ਵੈਰ ਸੀ ਕਿਉਂਕਿ ਗੁਰੂ ਜੀ ਨੇ ਚੰਦੂ ਦੀ ਧੀ ਦੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਚੰਦੂ ਨੇ ਗੁਰੂ ਜੀ ਨੂੰ ਬਹੁਤ ਤਸੀਹੇ ਦਿੱਤੇ। ਗਰਮੀ ਦੀ ਰੁੱਤ ਸੀ। ਗੁਰੂ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾਇਆ ਗਿਆ।

ਅਗਲੇ ਦਿਨ ਤੱਤੀ ਲੋਹ ਤੇ ਬਿਠਾਕੇ ਉਪਰੋਂ ਤੱਤੀ ਰੇਤ ਪਾਈ ਗਈ। ਇਨ੍ਹਾਂ ਕਸ਼ਟਾ ਨਾਲ ਗੁਰੂ ਜੀ ਦੇ ਸਾਰੇ ਸ਼ਰੀਰ ਤੇ ਛਾਲੇ ਹੋ ਗਏ ਤੇ ਆਪ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਸਨ। ਅੰਤ ਵਿੱਚ ਉਨ੍ਹਾਂ ਨੂੰ ਹੋਰ ਕਸ਼ਟ ਦੇਣ ਲਈ ਰਾਵੀ ਨਦੀ ਦੇ ਠੰਡੇ ਪਾਣੀ ਵਿੱਚ ਸੁੱਟਵਾ ਦਿੱਤਾ।

ਗੁਰੂ ਜੀ ਧਰਮ ਦੀ ਖਾਤਰ ਅਸਹਿ ਕਸ਼ਟ ਝੱਲ ਕੇ ਅਤੇ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਹੋਏ ਸ਼ਹੀਦ ਹੋ ਗਏ।

ਜਿਸ ਥਾਂ ਤੇ ਗੁਰੂ ਜੀ ਨੂੰ ਦਰਿਆ ਵਿੱਚ ਸੁਟਿਆ ਗਿਆ ਉਸ ਥਾਂ ਤੇ ਅਜ ਗੁਰੂਦੁਆਰਾ ਡੇਹਰਾ ਸਾਹਿਬ ਹੈ। ਇਹ ਗੁਰੂਦੁਆਰਾ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਹੈ।

ਗੁਰੂ ਜੀ ਨੇ ਧਰਮ ਦੀ ਖਾਤਰ ਆਪਣੀ ਜਾਨ ਕੁਰਬਾਨ ਕੀਤੀ ਤੇ ਸਿੱਖਾਂ ਲਈ ਇੱਕ ਮਿਸਾਲ ਕਾਇਮ ਕੀਤੀ।

🎉

ਤੁਸੀਂ ਗੁਰੂ ਅਰਜਨ ਦੇਵ ਜੀ ਦੀਆਂ ਸਾਰੀਆਂ ਸਾਖੀਆਂ ਪੜ੍ਹ ਲਈਆਂ ਹਨ!

ਗੁਰੂ ਹਰਗੋਬਿੰਦ ਜੀ ਦੀਆਂ ਸਾਖੀਆਂ ਪੜ੍ਹੋ