ਪਵਿੱਤਰ ਸ਼ਹੀਦੀ


ਜਦੋਂ ਔਰੰਗਜ਼ੇਬ ਨੂੰ ਪਤਾ ਲਗਿਆ ਕਿ ਗੁਰੂ ਜੀ ਮੁਸਲਮਾਨ ਬਨਣ ਨੂੰ ਤਿਆਰ ਨਹੀਂ ਹੋਏ ਤਾਂ ਉਸਨੇ ਹੁਕਮ ਦਿੱਤਾ ਕਿ ਗੁਰੂ ਜੀ ਨਾਲ ਵੱਧ ਤੋਂ ਵੱਧ ਸਖਤੀ ਕੀਤੀ ਜਾਵੇ। ਗੁਰੂ ਜੀ ਇਨੇ ਸਰੀਰਕ ਕਸ਼ਟ ਸਹਿ ਕੇ ਵੀ ਪਹਾੜ ਵਾਂਗ ਅਡੋਲ ਰਹੇ। ਗੁਰੂ ਜੀ ਦਾ ਪੱਕਾ ਇਰਾਦਾ ਦੇਖ ਕੇ ਹਾਕਮਾਂ ਨੇ ਫੈਸਲਾ ਕੀਤਾ ਕਿ ਪਹਿਲਾਂ ਗੁਰੂ ਜੀ ਨਾਲ ਆਏ ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਜਾਵੇ। ਇਸ ਫੈਸਲੇ ਅਨੁਸਾਰ ਪਹਿਲਾ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਉਸ ਤੋਂ ਬਾਅਦ ਭਾਈ ਦਿਆਲਾ ਜੀ ਤੇ ਹੋਰ ਸਿਖਾ ਨੂੰ ਬਹੁਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਔਰੰਗਜ਼ੇਬ ਵੱਲੋਂ ਆਖਰੀ ਹੁਕਮ ਪਹੁੰਚ ਗਿਆ ਕਿ ਗੁਰੂ ਜੀ ਨੂੰ ਜੀ ਤਾਂ ਮੁਸਲਮਾਨ ਬਣਾਇਆ ਜਾਵੇ ਜਾਂ ਫਿਰ ਉਹਨਾਂ ਨੂੰ ਕਿਹਾ ਜਾਏ ਕੋਈ ਕਰਾਮਾਤ ਦਿਖਾਉਣ ਨਹੀਂ ਤਾਂ ਮਰਨ ਲਈ ਤਿਆਰ ਹੋ ਜਾਣ। ਕਾਜੀ ਤੇ ਮੌਲਵੀ ਨੇ ਗੁਰੂ ਜੀ ਨੂੰ ਬਾਦਸ਼ਾਹ ਦਾ ਹੁਕਮ ਸੁਣਾਇਆ। ਗੁਰੂ ਜੀ ਨੇ ਕਿਹਾ ਕਿ ਅਸੀਂ ਨਾ ਤਾਂ ਆਪਣਾ ਧਰਮ ਛੱਡਣਾ ਹੈ ਨਾ ਹੀ ਕੋਈ ਕਰਾਮਾਤ ਦਿਖਾਉਣੀ ਹੈ ਤੁਸੀਂ ਜੋ ਕਰਨਾ ਹੈ ਕਰੋ ਅਸੀਂ ਤਿਆਰ ਹਾਂ। ਇਹ ਸੁਣ ਕੇ ਗੁਰੂ ਜੀ ਨੂੰ ਕਤਲ ਕਰਨ ਦੀ ਤਿਆਰੀ ਕੀਤੀ ਗਈ। ਸੰਮਤ ੧੭੩੨ ਨੂੰ ਗੁਰੂ ਜੀ ਨੂੰ ਪਿੰਜਰੇ ਵਿੱਚੋਂ ਕਢ ਕੇ ਚਾਂਦਨੀ ਚੌਂਕ ਵਿੱਚ ਲਿਆ ਕੇ ਸ਼ਹੀਦ ਕਰ ਦਿੱਤਾ ਗਿਆ। ਜਿਸ ਥਾਂ ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਉਸ ਥਾਂ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਹੈ। ਭਾਈ ਜੈਤੋ ਜੀ ਨੇ ਗੁਰੂ ਜੀ ਦਾ ਸੀਸ ਚੁੱਕ ਲਿਆ ਤੇ ਚਾਦਰ ਵਿੱਚ ਲਪੇਟ ਕੇ ਅਨੰਦਪੁਰ ਸਾਹਿਬ ਲੈ ਆਏ ਦਸਮ ਪਾਤਸ਼ਾਹ ਨੇ ਭਾਈ ਜੈਤੋ ਜੀ ਨੂੰ ਹਿੱਕ ਨਾਲ ਲਾ ਲਿਆ ਤੇ ਬਚਨ ਕੀਤਾ ‘ਰੰਗਰੇਟਾ ਗੁਰੂ ਦਾ ਬੇਟਾ’। ਦਸ਼ਮੇਸ਼ ਜੀ ਤੇ ਸੰਗਤਾਂ ਨੇ ਮਿਲ ਕੇ ਗੁਰੂ ਜੀ ਦੇ ਸੀਸ ਦਾ ਸਸਕਾਰ ਕੀਤਾ। ਗੁਰੂ ਜੀ ਦਾ ਧੜ ਇਕ ਸ਼ਰਧਾਲੂ ਸਿੱਖ ਭਾਈ ਲੱਖੀ ਸ਼ਾਹ ਲੁਬਾਣਾ ਆਪਣੇ ਘਰ ਲੈ ਗਿਆ। ਉਸਨੇ ਆਪਣੇ ਘਰ ਵਿੱਚ ਚਿਖਾ ਬਣਾਈ ਤੇ ਘਰ ਨੂੰ ਅੱਗ ਲਗਾ ਦਿੱਤੀ। ਇਸ ਤਰ੍ਹਾਂ ਉਸਨੇ ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ। ਇਸ ਥਾਂ ਤੇ ਅੱਜ ਗੁਰਦੁਆਰਾ ਰਕਾਬਗੰਜ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦੁਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੇ ਆਪਨੂੰ ਕੁਰਬਾਨ ਕਰ ਦਿੱਤਾ। ਇਸਲਈ ਆਪ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ।