ਕਸ਼ਮੀਰੀ ਪੰਡਤਾਂ ਦੀ ਪੁਕਾਰ


ਔਰੰਗਜ਼ੇਬ ਕੱਟੜ ਮੁਸਲਮਾਨ ਤੇ ਪਥਰ ਦਿਲ ਇਨਸਾਨ ਸੀ। ਉਹ ਹਿੰਦੂਆਂ ਨੂੰ ਕਾਫਰ ਕਹਿੰਦਾ ਸੀ। ਹਿੰਦੂਆਂ ਨੂੰ ਜਬਰਦਸਤੀ ਮੁਸਲਮਾਨ ਬਣਾਇਆ ਜਾਣ ਲਗਾ ਤੇ ਤਰਾਂ-ਤਰਾਂ ਦੇ ਅਤਿਆਚਾਰ ਕੀਤੇ ਜਾਣ ਲਗੇ। ਸਾਰੇ ਦੇਸ਼ ਵਿੱਚ ਹਾਹਾਕਾਰ ਮੱਚੀ ਸੀ। ਲੋਕ ਬਹੁਤ ਡਰ ਗਏ ਸਨ। ਲੋਕਾਂ ਦੀ ਇਹ ਹਾਲਤ ਦੇਖ ਕੇ ਕਸ਼ਮੀਰ ਦੇ ਪੰਡਤਾਂ ਨੇ ਫੈਸਲਾ ਕੀਤਾ ਕਿ ਧਰਮ ਦੀ ਰੱਖਿਆ ਲਈ ਗੁਰੂ ਤੇਗ ਬਹਾਦੁਰ ਜੀ ਦੀ ਸਰਨ ਲਈ ਜਾਵੇ ਤੇ ਉਨ੍ਹਾਂ ਅੱਗੇ ਪੁਕਾਰ ਕੀਤੀ ਜਾਵੇ। ਇਹ ਫੈਸਲਾ ਕਰ ਕੇ ਪੰਡਤਾਂ ਦੀ ਇਕ ਟੋਲੀ ਆਨੰਦਪੁਰ ਸਾਹਿਬ ਪਹੁੰਚੀ। ਉਨ੍ਹਾਂ ਨੇ ਗੁਰੂ ਜੀ ਨੂੰ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਗੁਰੂ ਜੀ ਪੰਡਤਾਂ ਦੀ ਪੁਕਾਰ ਸੁਣ ਕੇ ਸੋਚਣ ਲੱਗ ਗਏ। ਏਨੀ ਦੇਰ ਨੂੰ ਗੁਰੂ ਜੀ ਦੇ ਸਾਹਿਬਜਾਦੇ ਗੋਬਿੰਦ ਰਾਇ ਜੀ ਆ ਗਏ ਤੇ ਪਿਤਾ ਜੀ ਨੂੰ ਪੁਛਣ ਲੱਗੇ ਕਿ ਤੁਸੀਂ ਏਨੇ ਸੋਚੀਂ ਕਿਉਂ ਪਏ ਹੋ। ਤਾਂ ਗੁਰੂ ਤੇਗ ਬਹਾਦੁਰ ਜੀ ਨੇ ਦਸਿਆ ਕਿ ਦੇਸ਼ ਵਿੱਚ ਧਰਮ ਦੇ ਨਾਂ ਤੇ ਜੁਲਮ ਕਮਾਇਆ ਜਾ ਰਿਹਾ ਹੈ। ਆਮ ਲੋਕਾਂ ਵਿੱਚ ਜ਼ੁਲਮ ਦਾ ਟਾਕਰਾ ਕਰਨ ਦੀ ਹਿੰਮਤ ਨਹੀਂ। ਇਹ ਕੰਮ ਕੋਈ ਮਹਾਂ-ਬਲੀ ਹੀ ਕਰ ਸਕਦਾ ਹੈ ਗੋਬਿੰਦ ਰਾਇ ਜੀ ਨੇ ਕਿਹਾ ਕਿ ਪਿਤਾ ਜੀ ਆਪ ਨਾਲੋਂ ਵਧ ਹੋਰ ਕੋਣ ਬਲੀ ਹੋ ਸਕਦਾ ਹੈ। ਤਾਂ ਗੁਰੂ ਤੇਗ ਬਹਾਦੁਰ ਜੀ ਨੇ ਪੰਡਤਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਸੂਬੇ ਨੂੰ ਜਾ ਕੇ ਕਹਿ ਦਿਉ ਕਿ ਸਾਡੇ ਆਗੂ ਗੁਰੂ ਤੇਗ ਬਹਾਦੁਰ ਜੀ ਹਨ, ਜੇ ਉਹ ਮੁਸਲਮਾਨ ਬਣ ਜਦ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ।