ਅਨੰਦਪੁਰ ਸਾਹਿਬ ਦੀ ਰਚਨਾ


ਜਦੋਂ ਗੁਰੂ ਤੇਗ ਬਹਾਦੁਰ ਸਾਹਿਬ ਗੁਰ-ਗੱਦੀ ਤੇ ਬੈਠ ਗਏ ਤਾਂ ਉਹ ਕੁਝ ਮਹੀਨੇ ਬਕਾਲੇ ਦੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ। ਫ਼ਿਰ ਉਨ੍ਹਾਂ ਨੇ ਨੇੜੇ-ਨੇੜੇ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਪੋ੍ਗਰਾਮ ਬਣਾਇਆ। ਸ਼ੀ੍ ਤਰਨਤਾਰਨ ਸਾਹਿਬ, ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਜੀ ਦੇ ਦਰਸ਼ਨ ਕਰਕੇ ਆਪ ਅਮਿ੍ਤਸਰ ਸਾਹਿਬ ਪਹੁੰਚੇ। ਮੱਥਾ ਟੇਕ ਕੇ ਆਪ ਅਕਾਲ ਤਖਤ ਸਾਹਿਬ ਕੋਲ ਇੱਕ ਬੇਰੀ ਹੇਠਾਂ ਬੈਠੇ। ਇਸ ਥਾਂ ਤੇ ਹੁਣ ਗੁਰਦੁਆਰਾ ਥੜਾ ਸਾਹਿਬ ਹੈ। ਇਥੋਂ ਆਪ ਵਾਪਸ ਬਾਬਾ ਬਕਾਲੇ ਤੁਰ ਪਏ, ਰਸਤੇ ਵਿੱਚ ਅਰਾਮ ਕਰਨ ਲਈ ਰੁਕੇ। ਇਸ ਥਾਂ ਤੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਹੈ। ਇਥੋਂ ਆਪ ਨੂੰ ਵੱਲੇ ਪਿੰਡ ਦੇ ਕੁਝ ਸਿੱਖ ਆਪਣੇ ਪਿੰਡ ਲੈ ਗਏ। ਇਥੋਂ ਦੀ ਇੱਕ ਮਾਈ ਗੁਰੂ ਜੀ ਨੂੰ ਆਪਣੇ ਘਰ ਲੈ ਗਈ ਤੇ ਉਸਨੇ ਗੁਰੂ ਜੀ ਦੀ ਬੜੇ ਪਿਆਰ ਨਾਲ ਸੇਵਾ ਕੀਤੀ। ਇਸ ਜਗ੍ਹਾ ਤੇ ਅੱਜ ਗੁਰਦੁਆਰਾ ਕੋਠਾ ਸਾਹਿਬ ਹੈ। ਦਰਿਆ ਬਿਆਸ ਤੋਂ ਨਵਾਂ ਸ਼ਹਿਰ ਆਦਿ ਨਗਰਾਂ ਵਿੱਚ ਸੱਚ ਧਰਮ ਦਾ ਉਪਦੇਸ਼ ਤੇ ਲੋਕਾਂ ਦਾ ਉਧਾਰ ਕਰਦੇ ਗੁਰੂ ਜੀ ਕਰਤਾਰਪੁਰ ਪਹੁੰਚੇ। ਇਥੇ ਪਹੁੰਚ ਕੇ ਆਪ ਨੇ ਕਾਹਲੂਰ ਦੇ ਰਾਜੇ ਕੋਲੋਂ ਸਤਲੁਜ ਦਰਿਆ ਦੇ ਕੰਢੇ ਕੋਲ ਜਗ੍ਹਾ ਖਰੀਦੀ ਤੇ ੧੭੨੩ ਵਿੱਚ ਉਥੇ ਅੰਨਦਪੁਰ ਨਗਰ ਵਸਾਇਆ। ਗੁਰੂ ਜੀ ਦੇ ਤੇਜ ਪ੍ਰਤਾਪ ਦਾ ਸਦਕਾ ਥੋੜੇ ਸਮੇਂ ਵਿੱਚ ਹੀ ਅਨੰਦਪੁਰ ਸਾਹਿਬ ਵਿੱਚ ਬਹੁਤ ਰੋਣਕ ਵੱਧ ਗਈ।