ਔਰੰਗਜ਼ੇਬ ਤੇ ਰਾਮਰਾਇ


ਜਦੋਂ ਔਰੰਗਜ਼ੇਬ ਆਪਣੇ ਪਿਤਾ ਸਾਹ ਜਹਾਨ ਨੂੰ ਕੈਦ ਕਰ ਕੇ ਤੇ ਆਪਣੇ ਭਰਾਵਾਂ ਨੂੰ ਮਾਰਕੇ ਆਪ ਦਿੱਲੀ ਦੇ ਤਖਤ ਤੇ ਬੈਠ ਗਿਆ ਤਾਂ ਉਸਨੇ ਸੱਭ ਤੋਂ ਪਹਿਲਾਂ ਇਹੀ ਸੋਚਿਆ ਕਿ ਜੇ ਸਿੱਕਾ ਦੇ ਗੁਰੂ ਮੁਸਲਮਾਨ ਬਣ ਜਾਣ ਤਾਂ ਲੱਖਾਂ ਹੀ ਹਿੰਦੂ ਤੇ ਸਿੱਖ ਇਸਲਾਮ ਕਬੂਲ ਕਰ ਲੈਣਗੇ। ਇਸ ਕਰਕੇ ਉਸਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ। ਗੁਰੂ ਜੀ ਨੇ ਆਪਣੇ ਵੱਡੇ ਸਾਹਿਬਜਾਦੇ ਰਾਮਰਾਇ ਜੀ ਨੂੰ ਦਿੱਲੀ ਭੇਜਣ ਲਈ ਤਿਆਰ ਕੀਤਾ ਅਤੇ ਰਾਮਰਾਇ ਜੀ ਨੂੰ ਪੱਕਾ ਕੀਤਾ ਕਿ ਜੋ ਕੁਝ ਵੀ ਪੁਛਿਆ ਜਾਵੇ ਉਸਦੀ ਨਿਰਭੈ ਹੋਕੇ ਤੇ ਗੁਰੂ ਨਾਨਕ ਜੀ ਦੇ ਉਪਦੇਸ਼ ਦੇ ਅਨੁਸਾਰ ਜਵਾਬ ਦੇਣਾ। ਜਦੋਂ ਰਾਮਰਾਇ ਦਿੱਲੀ ਪੰਹੁਚਿਆ ਤਾਂ ਔਰੰਗਜ਼ੇਬ ਨੇ ਚੰਗਾ ਆਦਰ ਕੀਤਾ। ਔਰੰਗਜ਼ੇਬ ਨੇ ਰਾਮਰਾਇ ਕੋਲੋਂ ਸਿੱਖ ਧਰਮ ਬਾਰੇ ਕਈ ਸਵਾਲ ਕੀਤੇ। ਰਾਮਰਾਇ ਨੇ ਉਨ੍ਹਾਂ ਦਾ ਜਵਾਬ ਨਿੱਡਰ ਹੋ ਕੇ ਗੁਰੂ ਨਾਨਕ ਦੇਵ ਜੀ ਦੀ ਸਿਖਿਆ ਦੇ ਅਨੁਸਾਰ ਜਵਾਬ ਦਿੱਤੇ। ਜਦੋਂ ਔਰੰਗਜ਼ੇਬ ਨੂੰ ਸਿੱਖ ਧਰਮ ਵਿੱਚ ਕੋਈ ਵੀ ਇਤਰਾਜ਼ ਯੋਗ ਗੱਲ ਨਹੀਂ ਲੱਭੀ ਤਾਂ ਉਸਨੇ ਕਿਹਾ ਕਿ ਗੁਰਬਾਣੀ ਵਿੱਚ ਇਹ ਕਿਉਂ ਲਿਖਿਆ ਹੈ ਕਿ:- “ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਤਾਂ ਰਾਮਰਾਇ ਨੇ ਝੂਠ ਬੋਲ ਦਿੱਤਾ। ਕਹਿਣ ਲੱਗਾ ਕਿ ਨਹੀਂ ਬਾਦਸ਼ਾਹ ਬਾਣੀ ਵਿੱਚ ਲਿਖਿਆ ਹੈ ਮਿਟੀ ਬੇਈਮਾਨ ਕੀ। ਬਾਦਸ਼ਾਹ ਖੁਸ਼ ਹੋ ਗਿਆ। ਜਦੋਂ ਗੁਰੂ ਹਰਿਰਾਇ ਜੀ ਨੂੰ ਪਤਾ ਲੱਗਾ ਕਿ ਰਾਮਰਾਇ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਬੇਅਦਬੀ ਕੀਤੀ ਹੈ ਤਾਂ ਉਹਨਾਂ ਨੇ ਆਗਿਆ ਕਰ ਦਿੱਤੀ ਕਿ ਰਾਮਰਾਇ ਅਜ ਤੋਂ ਬਾਦ ਸਾਡੇ ਮੱਥੇ ਨਾ ਲੱਗੇ।