ਬਾਲ-ਅਵਸਥਾ


ਸ਼ੀ੍ ਹਰਗੋਬਿੰਦ ਜੀ ਦੀ ਬਾਲ ਅਵਸਥਾ ਕਾਫੀ ਕਸ਼ਟਾ ਵਿੱਚ ਨਿਕਲੀ। ਆਪ ਦਾ ਤਾਇਆ ਪਿ੍ਥੀ ਚੰਦ ਤੇ ਤਾਈ ਕਰਮੋ ਆਪ ਦੇ ਜਨਮ ਤੇ ਬਹੁਤ ਦੁਖੀ ਹੋਏ। ਕਿਉਂਕਿ ਉਹ ਇਹ ਸੋਚ ਕੇ ਬੈਠੇ ਸਨ ਕਿ ਗੁਰੂ ਅਰਜਨ ਦੇਵ ਜੀ ਦੇ ਕੋਈ ਪੁੱਤਰ ਨਾ ਹੋਣ ਕਰਕੇ ਗੁਰ-ਗੱਦੀ ਉਹਨਾਂ ਦੇ ਪੁੱਤਰ ਨੂੰ ਹੀ ਮਿਲੇਗੀ। ਪਰ ਜਦੋਂ ਸ਼ੀ੍ ਹਰਗੋਬਿੰਦ ਜੀ ਦਾ ਜਨਮ ਹੋਇਆ ਤਾਂ ਉਹਨਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਉਹ ਆਪਣੀ ਈਰਖਾ ਕਾਰਣ ਪਾਗਲ ਹੋ ਰਹੇ ਸਨ ਤੇ ਹਰ ਰੋਜ਼ ਹਰਗੋਬਿੰਦ ਜੀ ਨੂੰ ਮਰਵਾਉਣ ਦੀ ਕੋਸ਼ਿਸ਼ ਕਰਨ ਲੱਗੇ। ੧. ਪਹਿਲਾਂ ਉਨ੍ਹਾਂ ਨੇ ਹਰਗੋਬਿੰਦ ਜੀ ਦੀ ਦਾਈ ਨੂੰ ਲਾਲਚ ਦੇ ਕੇ ਉਸਦੇ ਦੁੱਧੀਆਂ ਉਪਰ ਜ਼ਹਿਰ ਲਗਾ ਕੇ ਭੇਜਿਆ ਤਾਂ ਜੋ ਹਰਗੋਬਿੰਦ ਜੀ ਦੁੱਧ ਪੀਂਦੇ ਹੀ ਮਰ ਜਾਣ ਪਰ ਦਾਈ ਆਪ ਹੀ ਜਹਿਰ ਦੇ ਅਸਰ ਨਾਲ ਮਰ ਗਈ।। ੨. ਫ਼ਿਰ ਉਨ੍ਹਾਂ ਨੇ ਇਕ ਸਪੇਰੇ ਜੋਗੀ ਪਾਸੋਂ ਹਰਗੋਬਿੰਦ ਜੀ ਦੇ ਕਮਰੇ ਵਿੱਚ ਇੱਕ ਜ਼ਹਿਰੀਲੇ ਸੱਪ ਨੂੰ ਛੱਡਵਾ ਦਿੱਤਾ, ਪਰ ਸੇਵਾਦਾਰਾਂ ਨੂੰ ਸਮੇਂ ਤੇ ਪਤਾ ਲੱਗ ਗਿਆ ਤੇ ਉਨ੍ਹਾਂ ਨੇ ਸੱਪ ਨੂੰ ਮਾਰ ਦਿੱਤਾ। ੩. ਤੀਸਰੀ ਵਾਰ ਫ਼ੇਰ ਉਨ੍ਹਾਂ ਨੇ ਸ਼ੀ੍ ਹਰਗੋਬਿੰਦ ਜੀ ਦੇ ਨੌਕਰ ਨੂੰ ਬਹੁਤ ਸਾਰੇ ਧੰਨ ਦਾ ਲਾਲਚ ਦੇ ਕੇ ਕਿਹਾ ਕਿ ਉਹ ਬੱਚੇ ਨੂੰ ਦਹੀਂ ਵਿੱਚ ਜਹਿਰ ਪਾ ਕੇ ਦੇ ਦੇਵੇ। ਨੌਕਰ ਲਾਲਚ ਵਿੱਚ ਆ ਗਿਆ ਤੇ ਉਸਨੇ ਇਸ ਤਰ੍ਹਾਂ ਹੀ ਕੀਤਾ ਪਰ ਜਦੋਂ ਉਹ ਦਹੀਂ ਖੁਆਉਣ ਲੱਗਾ ਤਾਂ ਹਰਗੋਬਿੰਦ ਜੀ ਨੇ ਦਹੀਂ ਨਹੀਂ ਖਾਧਾ। ਗੁਰੂ ਅਰਜਨ ਦੇਵ ਜੀ ਨੇ ਉਹ ਦਹੀਂ ਕੁੱਤੇ ਨੂੰ ਪਾ ਦਿੱਤਾ ਤੇ ਥੋੜੀ ਦੇਰ ਵਿੱਚ ਕੁੱਤਾ ਮਰ ਗਿਆ। ਇਸ ਤਰ੍ਹਾਂ ਸਾਰਾ ਭੇਦ ਖੁਲ੍ਹ ਗਿਆ। ਇਸ ਤਰ੍ਹਾਂ ਪਿ੍ਥੀ ਚੰਦ ਆਪਣੀਆਂ ਸਾਰੀਆਂ ਚਾਲਾ ਵਿੱਚ ਨਾਕਾਮਯਾਬ ਹੋ ਗਿਆ। ਗੁਰੂ ਅਰਜਨ ਦੇਵ ਜੀ ਨੇ ਸਾਹਿਬਜਾਦੇ ਦੀ ਰੱਖਿਆ ਲਈ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕੀਤਾ।