ਸ਼ੀ੍ ਗ੍ਰੰਥ ਸਾਹਿਬ ਦੀ ਬੀੜ ਦੀ ਤਿਆਰੀ


ਸਿੱਖੀ ਵਿੱਚ ਨਾਮ ਜਪਣ ਨੂੰ ਪਹਿਲ ਦਿੱਤੀ ਗਈ ਹੈ। ਇਸ ਕਰ ਕੇ ਸ਼ੀ੍ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰੇ ਗੁਰੂ ਸਾਹਿਬਾ ਦੀ ਬਾਣੀ ਇਕਠੀ ਕੀਤੀ ਅਤੇ ਨਾਲ ਹੀ ਆਪਣੀ ਰਚੀ ਬਾਣੀ ਸ਼ਾਮਿਲ ਕਰਕੇ ਸ਼ੀ੍ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ। ਗੁਰੂ ਸਾਹਿਬਾ ਦੇ ਨਾਲ ਉਨ੍ਹਾਂ ਨੇ ਭਗਤਾਂ ਦੀ ਬਾਣੀ ਵੀ ਇਕਠੀ ਕਰਨੀ ਸ਼ੁਰੂ ਕੀਤੀ। ਸਾਰੇ ਭਗਤਾਂ ਦੀ ਬਾਣੀ ਇਕਠੀ ਕਰਕੇ ਉਸ ਵਿੱਚੋ ਪੰਦਰ੍ਹਾਂ ਭਗਤਾਂ ਦੀ ਬਾਣੀ ਸ਼ੀ੍ ਗੁਰੂ ਗ੍ਰੰਥ ਸਾਹਿਬ ਵਿੱਚ ਚਾੜ੍ਹਨ ਲਈ ਪਰਵਾਨ ਕੀਤੀ। ਕਈਆਂ ਨੇ ਇਸ ਮਹਾਨ ਕੰਮ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਅਕਬਰ ਬਾਦਸ਼ਾਹ ਨੂੰ ਜਾ ਕੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਇਕ ਇਹੋ ਜਿਹਾ ਗ੍ਰੰਥ ਤਿਆਰ ਕਰਨ ਲੱਗੇ ਹਨ। ਜਿਸ ਵਿੱਚ ਇਸਲਾਮ ਤੇ ਹਿੰਦੂ ਅਵਤਾਰਾਂ ਦੇ ਵਿਰੁੱਧ ਗਲਾਂ ਲਿਖੀਆਂ ਹਨ। ਅਕਬਰ ਨੇ ਸੰਮਤ ੧੬੫੫ ਵਿੱਚ ਗੁਰੂ ਜੀ ਦੇ ਦਰਸ਼ਨ ਕੀਤੇ। ਉਸ ਵੇਲੇ ਕਾਫੀ ਬਾਣੀ ਇਕਠੀ ਹੋ ਚੁੱਕੀ ਸੀ। ਅਕਬਰ ਦੇ ਕਹਿਣ ਤੇ ਬਹੁਤ ਸਾਰੇ ਸ਼ਬਦ ਪੜ ਕੇ ਸੁਣਾਏ ਗਏ। ਅਕਬਰ ਸੁਣ ਕੇ ਬਹੁਤ ਖੁਸ਼ ਹੋਇਆ। ਉਸਨੇ ਗੁਰੂ ਦਰਬਾਰ ਅਤੇ ਲੰਗਰ ਵਾਸਤੇ ਮਾਇਆ ਦੇਣੀ ਚਾਹੀ ਪਰ ਗੁਰੂ ਜੀ ਨੇ ਕਿਹਾ ਕਿ ਇਸ ਸਾਲ ਫਸਲ ਘਟ ਹੋਈ ਹੈ ਤੁਸੀਂ ਕਿਸਾਨਾ ਦਾ ਟੈਕਸ ਮਾਫ਼ ਕਰ ਦਿਉ। ਅਕਬਰ ਬਾਦਸ਼ਾਹ ਨੇ ਇਸ ਤਰ੍ਹਾਂ ਹੀ ਕੀਤਾ। ਸੰਮਤ ੧੬੬੦ ਵਿੱਚ ਗੁਰੂ ਜੀ ਦੀ ਇਹ ਕੰਮ ਸੰਪੂਰਣ ਹੋਇਆ ਤੇ ੧ ਸੰਮਤ ੧੬੬੧ ਨੂੰ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਕਾਸ਼ ਹਰਿਮੰਦਰ ਸਾਹਿਬ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਗ੍ਰੰਥੀ ਬਣਾਇਆ ਗਿਆ। ਸ਼ੀ੍ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਕੇ ਗੁਰੂ ਅਮਰਦਾਸ ਜੀ ਦੀ ‘ਬਾਣੀ ਦਾ ਬੋਹਿਥਾ’ ਹੋਣ ਦੀ ਵਰ ਸੱਚਾ ਸਾਬਤ ਕੀਤਾ। ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁਲ ੫੮੯੪ ਸ਼ਬਦ ਹਨ। ਇਨ੍ਹਾਂ ਵਿੱਚੋਂ ੨੨੧੬ ਗੁਰੂ ਅਰਜਨ ਦੇਵ ਜੀ ਦੇ ਹਨ। ਆਪ ਜੀ ਦੀਆਂ ਹੋਰ ਬਾਣੀਆਂ ਜਿਵੇਂ ਬਾਰਹ ਮਾਹਾ, ਬਾਵਨ ਅੱਖਰੀ, ਗਉੜੀ ਥਿਤੀ, ਸੁਖਮਨੀ ਸਾਹਿਬ ਤੇ ਗਾਥਾ ਹਨ।