ਗੁਰ ਗੱਦੀ ਸ਼ੀ੍ ਅਮਰਦਾਸ ਜੀ


ਸ਼ੀ੍ ਅਮਰਦਾਸ ਜੀ ੬੧-੬੨ ਸਾਲ ਦੀ ਉਮਰ ਵਿੱਚ ਸਾਰਾ ਦਿਨ ਸੇਵਾ ਤੇ ਬਾਣੀ ਦਾ ਪਾਠ ਕਰਦੇ ਰਹਿੰਦੇ। ਉਹਨਾਂ ਨੇ ਲੱਗ ਭੱਗ ਗੁਰੂ ਅੰਗਦ ਦੇਵ ਜੀ ਦੀ ੧੨ ਸਾਲ ਸੇਵਾ ਕੀਤੀ।ਇਕ ਦਿਨ ਸ਼ੀ੍ ਅਮਰਦਾਸ ਜੀ ਬਿਆਸ ਤੋਂ ਜਲ ਦੀ ਗਾਗਰ ਲਿਆ ਰਹੇ ਸਨ ਕਿ ਜੋਰ ਦਾ ਮੀਂਹ ਸ਼ੁਰੂ ਹੋ ਗਿਆ, ਹਨੇਰੀ ਰਾਤ ਹੋਣ ਕਰਕੇ ਕੁਝ ਪਤਾ ਨਹੀਂ ਸੀ ਲੱਗ ਰਿਹਾ, ਆਪ ਜੀ ਨੂੰ ਠੇਡਾ ਲੱਗਾ ਤੇ ਆਪ ਇਕ ਟੋਏ ਵਿੱਚ ਡਿੱਗ ਪਏ ਪਰ ਗਾਗਰ ਮੋਢੇ ਉੱਤੇ ਹੀ ਰਹੀ, ਡਿੱਗਣ ਦੀ ਅਵਾਜ਼ ਸੁਣ ਕੇ ਨਾਲ ਦੇ ਘਰ ਵਿੱਚੋ ਕਿਸੇ ਨੇ ਕਿਹਾ ਕਿ ਅਮਰੂ ਨਿਥਾਵਾਂ ਡਿੱਗਾ ਹੋਣਾ। ਸਵੇਰੇ ਜਦੋਂ ਸਾਰੀ ਗੱਲ ਗੁਰੂ ਅੰਗਦ ਦੇਵ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸ਼ੀ੍ ਅਮਰਦਾਸ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ੧੨ ਵਰ ਦਿੱਤੇ। ਗੁਰੂ ਅੰਗਦ ਦੇਵ ਜੀ ਨੇ ਇਹ ਜਾਣ ਲਿਆ ਕਿ ਸਾਡੇ ਮਗਰੋਂ ਗੁਰ ਗੱਦੀ ਦੀ ਜੁਂਮੇਵਾਰੀ ਸ਼ੀ੍ ਅਮਰਦਾਸ ਜੀ ਨੇ ਹੀ ਨਿਬਾਹੁਣੀ ਹੈ। ਕੁਝ ਸਮੇਂ ਬਾਅਦ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਬਿਆਸ ਦੇ ਕੋਲ ਨਵਾਂ ਨਗਰ ਵਸਾਇਆ ਗਿਆ ਜਿਸ ਦਾ ਨਾਂ ਗੋਇੰਦਵਾਲ ਰਖਿਆ ਗਿਆ। ਗੁਰੂ ਅੰਗਦ ਦੇਵ ਜੀ ਨੇ ਸ਼ੀ੍ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਰਹਿਣ ਦੀ ਆਗਿਆ ਦਿੱਤੀ। ਸੰਮਤ ੧੬੦੯ ਨੂੰ ਗੁਰੂ ਅੰਗਦ ਦੇਵ ਜੀ ਨੇ ਆਪਣੇ ਸੱਚ ਖੰਡ ਵਾਪਸੀ ਦਾ ਸਮਾਂ ਦੇਖ ਕੇ ਸ਼ੀ੍ ਅਮਰਦਾਸ ਜੀ ਅੱਗੇ ਪੰਜ ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਕੋਲੋਂ ਗੁਰਿਆਈ ਦਾ ਤਿਲਕ ਲਗਵਾਇਆ ਤੇ ਆਪ ਨੂੰ ਗੁਰੂ ਅਮਰਦਾਸ ਜੀ ਬਣਾ ਦਿੱਤਾ।