ਜਨਮ ਸਾਖੀ ਧੰਨ ਧੰਨ ਗੁਰੂ ਅਮਰਦਾਸ ਜੀ


ਗੁਰੂ ਅਮਰਦਾਸ ਜੀ ਦਾ ਜਨਮ ਬਾਸਰਕੇ ਪਿੰਡ ਜਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਸੀ੍ ਤੇਜ ਭਾਨ ਤੇ ਮਾਤਾ ਸੁਲੱਖਣੀ ਜੀ ਘਰ ਹੋਇਆ। ਸੀ੍ ਅਮਰਦਾਸ ਜੀ ਦੇ ਪਿਤਾ ਧਰਮ ਦੀ ਕਿਰਤ, ਦਾਨ ਪੁੰਨ, ਪੂਜਾ ਪਾਠ ਤੇ ਸੰਤ ਸੇਵਾ ਕਰਨ ਵਾਲੇ ਸਨ, ਉਹ ਹਰ ਸਾਲ ਗੰਗਾ ਦੀ ਯਾਤਰਾ ਲਈ ਜਾਂਦੇ ਸਨ। ਗੁਰੂ ਅਮਰਦਾਸ ਜੀ ਦਾ ਵਿਆਹ ਸੰਮਤ ੧੫੫੯ ਨੂੰ ਸੀ੍ ਦੇਵੀ ਚੰਦ ਬਹਿਸ ਜੀ ਦੀ ਪੁੱਤਰੀ ਰਾਮ ਕੌਰ ਜੀ ਨਾਲ ਹੋਇਆ ਆਪ ਜੀ ਦੇ ਦੋ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਤੇ ਦੋ ਧੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਸੰਨ। ਗੁਰੂ ਮਿਲਾਪ ਦੀ ਉਤਸੁਕਤਾ ਸੰਮਤ ੧੫੯੭ ਵਿੱਚ ਸੀ੍ ਅਮਰਦਾਸ ਜੀ ਗੰਗਾ ਦੀ ਯਾਤਰਾ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਨੂੰ ਇੱਕ ਸਾਧੂ ਮਿਲਿਆ, ਉਹ ਸਾਧੂ ਉਨ੍ਹਾਂ ਨਾਲ ਉਨ੍ਹਾਂ ਦੇ ਪਿੰਡ ਬਾਸਰਕੇ ਆ ਗਿਆ, ਇਕ ਦਿਨ ਸਾਧੂ ਨੇ ਪੁਛਿਆ ਤੁਹਾਡਾ ਗੁਰੂ ਕੌਣ ਹੈ। ਅਗੇ ਸੀ੍ ਅਮਰਦਾਸ ਜੀ ਨੇ ਕਿਹਾ ਕਿ ਅਜੇ ਤੀਕ ਅਸੀਂ ਕੋਈ ਗੁਰੂ ਧਾਰਨ ਨਹੀਂ ਕੀਤਾ ਤਾਂ ਸਾਧੂ ਨਰਾਜ਼ ਹੋ ਗਿਆ ਕਿ ਮੈਂ ਨਿਗੁਰੇ ਦੇ ਹੱਥੋਂ ਖਾਂਦਾ ਰਿਹਾ ਮੇਰਾ ਤਾਂ ਧਰਮ ਹੀ ਨਾਸ ਹੋ ਗਿਆ। ਇਹ ਕਹਿ ਕੇ ਸਾਧੂ ਚਲਾ ਗਿਆ ਪਰ ਉਸ ਦੀਆਂ ਗੱਲਾਂ ਸੁਣ ਕੇ ਸੀ੍ ਅਮਰਦਾਸ ਜੀ ਉਦਾਸ ਰਹਿਣ ਲੱਗੇ, ਉਹ ਸੋਚਣ ਲੱਗੇ ਗੁਰੂ ਕਿਸਨੂੰ ਧਾਰਿਆ ਜਾਵੇ। ਇੱਕ ਦਿਨ ਅੰਮਿ੍ਤ ਵੇਲੇ ਉਹਨਾਂ ਨੂੰ ਆਪਣੇ ਭਰਾ ਦੇ ਘਰੋਂ ਬਾਣੀ ਪੜਨ ਦੀ ਬੜੀ ਮਿੱਠੀ ਮਿੱਠੀ ਅਵਾਜ਼ ਸੁਣਾਈ ਦਿੱਤੀ, ਇਹ ਬਾਣੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੋ ਕਿ ਉਨ੍ਹਾਂ ਦੇ ਭਰਾ ਦੀ ਨੂੰਹ ਸੀ ਪੜ ਰਹੀ ਸੀ, ਸੀ੍ ਅਮਰਦਾਸ ਜੀ ਨੇ ਬੀਬੀ ਅਮਰੋ ਨੂੰ ਪੁਛਿਆ ਕਿ ਉਹ ਕੀ ਪੜ ਰਹੀ ਸੀ ਤਾਂ ਬੀਬੀ ਅਮਰੋ ਨੇ ਦਸਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ ਰਹੀ ਸੀ, ਗੁਰੂ ਨਾਨਕ ਦੇਵ ਜੀ ਤਾਂ ਜੋਤੀ ਜੋਤਿ ਸਮਾ ਗਏ ਹਨ, ਉਹਨਾਂ ਦੀ ਗਦੀ ਅਜਕਲ ਖਡੂਰ ਸਾਹਿਬ ਹੈ। ਸੀ੍ ਅਮਰਦਾਸ ਜੀ ਬੀਬੀ ਅਮਰੋ ਨੂੰ ਨਾਲ ਲੈ ਕੇ ਖਡੂਰ ਸਾਹਿਬ ਚੱਲ ਪਏ।