ਲਹਿਣਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ


ਸੰਨ ੧੫੮੯ ਵਿੱਚ ਸ਼੍ਰੀ ਲਹਿਣਾ ਜੀ ਦੇਵੀ ਭਗਤਾਂ ਨੂੰ ਨਾਲ ਲੈ ਕੇ ਜਵਾਲਾ ਮੁਖੀ ਚਲੇ ਤਾਂ ਸੋਚ ਲਿਆ ਕਿ ਇਸ ਵਾਰ ਕਰਤਾਰਪੁਰ ਹੋ ਕੇ ਆਣਾ ਹੈ। ਜਦੋਂ ਸਾਰੇ ਕਰਤਾਰਪੁਰ ਪੰਹੁਚਾ ਤਾਂ ਉਹਨਾਂ ਦਾ ਡੇਰਾ ਗੁਰੂ ਜੀ ਦੇ ਦਰਬਾਰ ਤੋਂ ਥੋੜਾ ਦੂਰ ਲਗਾ ਦਿੱਤਾ ਤੇ ਆਪ ਘੋੜੇ ਤੇ ਚੜ ਕੇ ਗੁਰੂ ਜੀ ਦਰਸ਼ਨਾਂ ਲਈ ਚਲ ਪਏ। ਲਹਿਣਾ ਜੀ ਕੁਝ ਦੂਰ ਗਏ ਤਾਂ ਗੁਰੂ ਜੀ ਰਾਹ ਵਿੱਚ ਖੜੇ ਮਿਲ ਗਏ। ਉਨ੍ਹਾਂ ਨੇ ਗੁਰੂ ਜੀ ਨੂੰ ਪੁਛਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਉਨ੍ਹਾਂ ਦੇ ਦਰਬਾਰ ਜਾਣਾ, ਕਿਰਪਾ ਕਰਕੇ ਮੈਨੂੰ ਰਾਹ ਦੱਸੋ। ਗੁਰੂ ਜੀ ਨੇ ਮੁਸਕਰਾ ਕੇ ਕਿਹਾ ਕਿ ਮੇਰੇ ਮਗਰ ਮਗਰ ਘੋੜਾ ਲੈ ਆ। ਧਰਮਸ਼ਾਲਾ ਕੋਲ ਪਹੁੰਚ ਕੇ ਗੁਰੂ ਜੀ ਨੇ ਕਿਹਾ ਕਿ ਘੋੜਾ ਕਿੱਲੇ ਨਾਲ ਬੰਨ੍ਹ ਕੇ ਅੰਦਰ ਆ ਜਾਉ। ਲਹਿਣਾ ਜੀ ਘੋੜਾ ਬੰਨ੍ਹ ਕੇ ਅੰਦਰ ਆਏ ਮੱਥਾ ਟੇਕ ਕੇ ਉਪਰ ਦੇਖਿਆ ਤਾਂ ਹੈਰਾਨ ਹੋ ਗਏ ਕਿ ਗੱਦੀ ਉੱਪਰ ਤਾਂ ਉਹੀ ਬੈਠੇ ਹਨ ਜਿਹੜੇ ਮੇਰੇ ਘੋੜੇ ਅੱਗੇ ਤੁਰਦੇ ਆਏ ਹਨ। ਉਨ੍ਹਾਂ ਨੂੰ ਆਪਣੇ ਆਪ ਤੇ ਸ਼ਰਮ ਆਣ ਲਗੀ, ਅੱਖਾਂ ਵਿੱਚ ਅੱਥਰੂ ਭਰ ਕੇ ਕਹਿਣ ਲਗੇ ਕਿ ਮਹਾਰਾਜ ਮੇਰੇ ਕੋਲੋਂ ਬਹੁਤ ਬੇਅਦਬੀ ਹੋਈ ਹੈ ਮੈਂ ਘੋੜੇ ਤੇ ਚੜ ਕੇ ਆਇਆ ਤੇ ਤੁਸੀਂ ਪੈਦਲ, ਮੈਨੂੰ ਮਾਫ਼ ਕਰ ਦਿਉ। ਗੁਰੂ ਜੀ ਨੇ ਲਹਿਣਾ ਜੀ ਦੇ ਸਿਰ ਤੇ ਹਥ ਫੇਰਿਆਂ ਤੇ ਦਿਲਾਸਾ ਦਿੱਤਾ ਕਿ ਤੁਸੀਂ ਕੋਈ ਗਲਤੀ ਨਹੀਂ ਕੀਤੀ। ਗੁਰੂ ਜੀ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦਾ ਮੰਨ ਇਕਦਮ ਸ਼ਾਤ ਹੋ ਗਿਆ। ਉਨ੍ਹਾਂ ਨੇ ਉਥੇ ਹੀ ਰਹਿਣ ਦਾ ਫ਼ੈਸਲਾ ਕੀਤਾ। ਕੁਝ ਸੰਗੀ ਉਨ੍ਹਾਂ ਨੂੰ ਬੁਲਾਉਣ ਆਏ ਕਿ ਚਲੋ ਚਲੀਏ ਤਾਂ ਉਨ੍ਹਾ ਨੇ ਕਿਹਾ ਕਿ ਤੁਸੀਂ ਜਾਉ। ਉਹ ਕਰਤਾਰਪੁਰ ਹੀ ਰਹਿ ਗਏ, ਗੁਰੂ ਜੀ ਦੇ ਉਪਦੇਸ਼ ਸੁਣਦੇ, ਨਾਮ ਜਪਦੇ ਤੇ ਸੇਵਾ ਕਰਦੇ। ਘਰ ਜਾਣ ਦਾ ਖਿਆਲ ਹੀ ਨਹੀਂ ਰਿਹਾ,ਇਕ ਦਿਨ ਗੁਰੂ ਜੀ ਨੇ ਕਿਹਾ, ਲਹਿਣਾ ਜੀ ਬਹੁਤ ਦਿਨ ਹੋ ਗਏ ਹਨ ਇਕ ਵਾਰ ਘਰ ਜਾ ਆਉ, ਫ਼ੇਰ ਆ ਜਾਣਾ। ਗੁਰੂ ਜੀ ਦਾ ਹੁਕਮ ਮੰਨ ਕੇ ਲਹਿਣਾ ਜੀ ਆਪਣੇ ਪਿੰਡ ਸੰਘਰ ਖਡੂਰ ਚਲ ਪਏ।