ਗੁਰੂ ਦਰਸ਼ਨਾਂ ਦੀ ਉਤਸੁਕਤਾ


ਲਹਿਣਾ ਜੀ ਦੇ ਪਿਤਾ ਫੇਰੂ ਮੱਲ ਜੀ ਦੇਵੀ ਦੇ ਭਗਤ ਸਨ, ਉਹ ਹਰ ਸਾਲ ਦੇਵੀ ਦੇ ਦਰਸ਼ਨ ਲਈ ਜਵਾਲਾਮੁਖੀ ਜਾਇਆ ਕਰਦੇ ਸਨ। ਬਾਬਾ ਫੇਰੂ ਮੱਲ ਜੀ ਜਦੋਂ ਅਕਾਲ ਚਲਾਣਾ ਕਰ ਗਏ ਤਾਂ ਸਾਰੀ ਜਿੰਮੇਵਾਰੀ ਲਹਿਣਾ ਜੀ ਤੇ ਆ ਗਈ, ਉਨ੍ਹਾਂ ਨੇ ਸਾਰੀਆਂ ਜੂਮੇਵਾਰੀਆਂ ਨੂੰ ਬੜੇ ਯੋਗਤਾ ਨਾਲ ਨਿਬਾਹਿਆ ਤੇ ਸਾਰੀ ਸੰਗਤ ਨਾਲ ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ। ਖਡੂਰ ਵਿੱਚ ਗੁਰੂ ਨਾਨਕ ਜੀ ਦਾ ਇਕ ਸਿੱਖ ਭਾਈ ਜੋਧ ਰਹਿੰਦਾ ਸੀ, ਉਹ ਹਰ ਰੋਜ ਸਵੇਰੇ ਅੰਮਿ੍ਤ ਵੇਲੇ ਉਠਕੇ ਗੁਰੂ ਜੀ ਦੀ ਬਾਣੀ ਦਾ ਪਾਠ ਕਰਦਾ ਸੀ, ਇਕ ਦਿਨ ਭਾਈ ਜੋਧਾ ਜੀ ਪਿੰਡੋ ਬਾਹਰ ਟੋਬੇ ਕੋਲ ਬੈਠੇ ਪਾਠ ਕਰ ਰਹੇ ਸੀ, ਉਧਰੋਂ ਲਹਿਣਾ ਜੀ ਵੀ ਦੇਵੀ ਦੇ ਦਰਸ਼ਨ ਕਰਕੇ ਵਾਪਿਸ ਆ ਰਹੇ ਸਨ, ਜਦੋਂ ਉਨ੍ਹਾਂ ਨੇ ਭਾਈ ਜੋਧਾ ਜੀ ਦੀ ਮਿਠੀ ਅਵਾਜ਼ ਸੁਣੀ ਤਾਂ ਉਹ ਉਥੇ ਹੀ ਬੈਠ ਗਏ, ਉਹਨਾਂ ਦੇ ਮੰਨ ਨੂੰ ਇੰਨੀ ਸ਼ਾਂਤੀ ਮਿਲੀ, ਜਿਹੜੀ ਪਹਿਲਾਂ ਕਦੇ ਨਹੀਂ ਮਿਲੀ ਸੀ। ਜਦੋਂ ਭਾਈ ਜੋਧਾ ਜੀ ਨੇ ਪਾਠ ਦਾ ਭੋਗ ਪਾਇਆ ਤਾਂ ਲਹਿਣਾ ਜੀ ਨੇ ਪੁਛਿਆ ਕਿ ਤੁਸੀਂ ਕਿਸ ਦੀ ਬਾਣੀ ਗਾ ਰਹੇ ਸੀ ਤਾਂ ਉਹਨਾਂ ਨੇ ਦਸਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾ ਰਹੇ ਸਨ। ਲਹਿਣਾ ਜੀ ਦੇ ਮੰਨ ਵਿੱਚ ਗੁਰੂ ਜੀ ਨੂੰ ਮਿਲਣ ਦੀ ਉਤਸੁਕਤਾ ਪੈਦਾ ਹੋ ਗਈ ਭਾਈ ਜੋਧਾ ਜੀ ਨੇ ਲਹਿਣਾ ਜੀ ਦੇ ਪੁੱਛਣ ਤੇ ਗੁਰੂ ਨਾਨਕ ਜੀ ਬਾਰੇ ਦੱਸਿਆ ਕਿ ਅਜਕਲ ਉਹ ਕਰਤਾਰਪੁਰ ਵਿੱਚ ਰਹਿ ਰਹੇ ਹਨ।