ਸਤਿਗੁਰੁ ਨਾਨਕ ਪ੍ਰਗਟਿਆ


ਜਦੋ ਰਾਜ ਤੇ ਸਮਾਜ ਵੱਲੋਂ ਕੀਤੇ ਜਾ ਰਹੇ ਅਤਿਆਚਾਰ ਨਾਲ ਬਿਹਬਲ ਹੋ ਕੇ ਜਨਤਾ ਪੁਕਾਰ ਕਰਦੀ ਹੈ ਤਾਂ ਪਰਮਾਤਮਾ ਨੂੰ ਉਹਨਾਂ ਦੀ ਪੁਕਾਰ ਸੁਨਣੀ ਪੈਂਦੀ ਹੈਂ, ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾ ਦੇਸ਼ ਦੇ ਟੋਟੇ ਕਰ ਕੇ ਨਵਾਬਾਂ ਤੇ ਹਾਕਮਾਂ ਦੇ ਹਵਾਲੇ ਕੀਤੇ ਸਨ ਤੇ ਉਹ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਸਨ , ਧਰਮ ਦੀ ਅਸਲੀ ਰੂਹ ਮਰ ਚੁੱਕੀ ਸੀ, ਇਸ ਦੀ ਥਾਂ ਪਾਖੰਡਾਂ ਤੇ ਬਾਹਮਣਾ ਦੀਆਂ ਪੂਜਾ ਦੇ ਢੰਗਾਂ ਨੇ ਲੈ ਲਈ ਸੀ , ਲੋਕਾਂ ਵਿੱਚ ਹਿੰਮਤ ਨਹੀਂ ਸੀ ਕਿ ਉਹ ਕੁੱਝ ਬੋਲ ਸਕਣ ਪਰ ਉਹ ਆਪਣੇ ਮਨਾਂ ਵਿੱਚ ਪਰਮਾਤਮਾ ਅਗੇ ਹਰ ਰੋਜ ਅਰਦਾਸ ਕਰਦੇ ਸਨ। ਸਮੇਂ ਦੀ ਇਸ ਮੰਗ, ਮਨੁੱਖ ਜਾਤੀ ਦੀ ਪੁਕਾਰ ਨੂੰ ਸੁਣ ਕੇ ਪਰਮ ਪਿਤਾ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਇਸ ਸੰਸਾਰ ਦਾ ਉਧਾਰ ਕਰਨ ਲਈ ਭੇਜਿਆ। ਇਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ ਸੁਣੀ ਪੁਕਾਰਿ ਦਾਤਾਰ ਪ੍ਭੁ ਗੁਰੁ ਨਾਨਕ ਜਗ ਮਾਹਿ ਪਠਾਇਆ। ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਏ ਦੀ ਤੰਲਵਡੀ ਪਿਤਾ ਮਹਿਤਾ ਕਾਲੂ ਜੀ ਤੇ ਮਾਤਾ ਤਿ੍ਪਤਾ ਜੀ ਦੇ ਘਰ ੧੪੬੯ ਈਸਵੀ ਨੂੰ ਹੋਇਆ, ਉਹਨਾਂ ਦੀ ਇਕ ਵੱਡੀ ਭੈਣ ਸੀ ਜਿਸ ਦਾ ਨਾਂ ਬੇਬੇ ਨਾਨਕੀ ਸੀ। ਆਪ ਜੀ ਦਾ ਵਿਆਹ ੧੫੪੪ ਵਿੱਚ ਵਟਾਲੇ ਪਿੰਡ ਦੇ ਵਸਨੀਕ ਬਾਬਾ ਮੂਲ ਚੰਦ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਬਟਾਲੇ ਵਿੱਚ ਹੋਇਆ। ਆਪ ਜੀ ਦੇ ਘਰ ਦੋ ਸਾਹਿਬਜਾਦੇ ਪੈਦਾ ਹੋਏ। ਵੱਡੇ ਸਾਹਿਬਜਾਦੇ ਬਾਬਾ ਸ੍ਰੀ ਚੰਦ ਜੀ ਤੇ ਛੋਟੇ ਸਾਹਿਬਜਾਦੇ ਬਾਬਾ ਲਖਮੀ ਦਾਸ ਜੀ।