ਗੁਰੂ ਹਰਗੋਬਿੰਦ ਜੀ

ਮਹਿਰਾਜ ਦੀ ਜੰਗ

ਸਾਖੀ 7
ਪੜ੍ਹਨ ਦੀ ਤਰੱਕੀ 7 / 9

ਹਰਗੋਬਿੰਦਪੁਰ ਦੀ ਲੜਾਈ ਤੋਂ ਬਾਅਦ ਗੁਰੂ ਜੀ ਫਿਰ ਲੋਕ-ਭਲਾਈ ਤੇ ਜਗਤ ਸੁਧਾਰ ਦੇ ਕੰਮ ਵਿੱਚ ਲੱਗ ਗਏ। ਪਰ ੧੬੮੮ ਵਿੱਚ ਆਪ ਜੀ ਨੂੰ ਫਿਰ ਸ਼ਾਹੀ ਫੌਜ ਨਾਲ ਟਾਕਰਾ ਕਰਨਾ ਪਿਆ।

ਇੱਕ ਵਾਰ ਕਾਬਲ ਦੀ ਸੰਗਤ ਨੇ ਗੁਰੂ ਜੀ ਲਈ ਬਹੁਤ ਹੀ ਵਧੀਆ ਨਸਲ ਦੇ ਘੋੜੇ ਭੇਜੇ। ਪਰ ਉਹ ਘੋੜੇ ਰਸਤੇ ਵਿੱਚ ਲਾਹੌਰ ਦੇ ਸੂਬੇਦਾਰ ਨੇ ਖੋਹ ਲਏ। ਗੁਰੂ ਜੀ ਨੂੰ ਜਦੋਂ ਪਤਾ ਲੱਗਾ, ਤਾਂ ਉਨ੍ਹਾਂ ਨੇ ਭਾਈ ਬਿਧੀ ਚੰਦ ਜੀ ਨੂੰ ਭੇਜਿਆ। ਭਾਈ ਬਿਧੀ ਚੰਦ ਜੀ ਘੋੜੇ ਚਲਾਕੀ ਨਾਲ ਲੈ ਆਏ। ਇਸ ਕਰਕੇ ਲੜਾਈ ਸ਼ੁਰੂ ਹੋ ਗਈ।

ਲਲਾਬੇਗ ਤੇ ਕਮਰਬੇਗ ਦੀ ਕਮਾਂਡ ਹੇਠਾਂ ਵੀਹ ਕੁ ਹਜ਼ਾਰ ਦੀ ਸ਼ਾਹੀ ਫੌਜ ਗੁਰੂ ਜੀ ਦੇ ਵਿਰੁੱਧ ਭੇਜੀ ਗਈ। ਦੋ ਦਿਨ ਸਖਤ ਲੜਾਈ ਹੋਈ। ਬਹੁਤ ਸਾਰੇ ਜਵਾਨ ਮਾਰੇ ਗਏ।

ਲਲਾਬੇਗ ਕਹਿਣ ਲੱਗਾ ਕਿ ਆਪਾਂ ਦੋਵੇਂ ਲੜ ਕੇ ਜਿੱਤ-ਹਾਰ ਦਾ ਫੈਸਲਾ ਕਰਦੇ ਹਾਂ। ਗੁਰੂ ਜੀ ਮੰਨ ਗਏ। ਆਹਮਣੇ-ਸਾਹਮਣੇ ਲੜਾਈ ਵਿੱਚ ਲਲਾਬੇਗ ਮਾਰਿਆ ਗਿਆ ਤੇ ਸ਼ਾਹੀ ਫੌਜ ਮੈਦਾਨ ਛੱਡ ਕੇ ਨੱਸ ਗਈ।

ਗੁਰੂ ਜੀ ਨੇ ਸ਼ਹੀਦ ਸਿੱਖਾਂ ਦਾ ਸੰਸਕਾਰ ਕੀਤਾ ਤੇ ਮੁਸਲਮਾਨਾਂ ਨੂੰ ਦਫ਼ਨਾਇਆ ਗਿਆ। ਜਿਸ ਥਾਂ ਤੇ ਇਹ ਲੜਾਈ ਹੋਈ, ਗੁਰੂ ਜੀ ਨੇ ਇੱਥੇ ਇੱਕ ਤਾਲ ਬਣਵਾਇਆ। ਇਸ ਦਾ ਨਾਂ ਗੁਰੂ-ਸਰ ਰੱਖਿਆ ਗਿਆ।