ਸ਼ੀ੍ ਹਰਗੋਬਿੰਦ ਜੀ ਦੀ ਬਾਲ ਅਵਸਥਾ ਕਾਫੀ ਕਸ਼ਟਾਂ ਵਿੱਚ ਨਿਕਲੀ।
ਆਪ ਜੀ ਦਾ ਤਾਇਆ ਪਿ੍ਥੀ ਚੰਦ ਤੇ ਤਾਈ ਕਰਮੋ ਆਪ ਦੇ ਜਨਮ ਤੇ ਬਹੁਤ ਦੁਖੀ ਹੋਏ। ਕਿਉਂਕਿ ਉਹ ਇਹ ਸੋਚ ਕੇ ਬੈਠੇ ਸਨ ਕਿ ਗੁਰੂ ਅਰਜਨ ਦੇਵ ਜੀ ਦੇ ਕੋਈ ਪੁੱਤਰ ਨਾ ਹੋਣ ਕਰਕੇ ਗੁਰ-ਗੱਦੀ ਉਹਨਾਂ ਦੇ ਪੁੱਤਰ ਨੂੰ ਹੀ ਮਿਲੇਗੀ। ਪਰ ਜਦੋਂ ਸ਼੍ਰੀ ਹਰਗੋਬਿੰਦ ਜੀ ਦਾ ਜਨਮ ਹੋਇਆ, ਤਾਂ ਉਹਨਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ। ਉਹ ਆਪਣੀ ਈਰਖਾ ਕਾਰਣ ਪਾਗਲ ਹੋ ਰਹੇ ਸਨ ਤੇ ਹਰ ਰੋਜ਼ ਹਰਗੋਬਿੰਦ ਜੀ ਨੂੰ ਮਰਵਾਉਣ ਦੀ ਕੋਸ਼ਿਸ਼ ਕਰਨ ਲੱਗੇ।
ਪਹਿਲੀ ਕੋਸ਼ਿਸ਼
ਪਹਿਲਾਂ ਉਨ੍ਹਾਂ ਨੇ ਹਰਗੋਬਿੰਦ ਜੀ ਦੀ ਦਾਈ ਨੂੰ ਲਾਲਚ ਦੇ ਕੇ ਉਸਦੇ ਦੁੱਧੀਆਂ ਉੱਪਰ ਜ਼ਹਿਰ ਲਗਾ ਕੇ ਭੇਜਿਆ ਤਾਂ ਜੋ ਹਰਗੋਬਿੰਦ ਜੀ ਦੁੱਧ ਪੀਂਦੇ ਹੀ ਮਰ ਜਾਣ। ਪਰ ਦਾਈ ਆਪ ਹੀ ਜ਼ਹਿਰ ਦੇ ਅਸਰ ਨਾਲ ਮਰ ਗਈ।
ਦੂਜੀ ਕੋਸ਼ਿਸ਼
ਫਿਰ ਉਨ੍ਹਾਂ ਨੇ ਇੱਕ ਸਪੇਰੇ ਜੋਗੀ ਪਾਸੋਂ ਹਰਗੋਬਿੰਦ ਜੀ ਦੇ ਕਮਰੇ ਵਿੱਚ ਇੱਕ ਜ਼ਹਿਰੀਲੇ ਸੱਪ ਨੂੰ ਛੱਡਵਾ ਦਿੱਤਾ। ਪਰ ਸੇਵਾਦਾਰਾਂ ਨੂੰ ਸਮੇਂ ਤੇ ਪਤਾ ਲੱਗ ਗਿਆ ਤੇ ਉਨ੍ਹਾਂ ਨੇ ਸੱਪ ਨੂੰ ਮਾਰ ਦਿੱਤਾ।
ਤੀਸਰੀ ਕੋਸ਼ਿਸ਼
ਤੀਸਰੀ ਵਾਰ ਫਿਰ ਉਨ੍ਹਾਂ ਨੇ ਸ਼੍ਰੀ ਹਰਗੋਬਿੰਦ ਜੀ ਦੇ ਨੌਕਰ ਨੂੰ ਬਹੁਤ ਸਾਰੇ ਧਨ ਦਾ ਲਾਲਚ ਦੇ ਕੇ ਕਿਹਾ ਕਿ ਉਹ ਬੱਚੇ ਨੂੰ ਦਹੀਂ ਵਿੱਚ ਜ਼ਹਿਰ ਪਾ ਕੇ ਦੇ ਦੇਵੇ। ਨੌਕਰ ਲਾਲਚ ਵਿੱਚ ਆ ਗਿਆ ਤੇ ਉਸਨੇ ਇਸ ਤਰ੍ਹਾਂ ਹੀ ਕੀਤਾ। ਪਰ ਜਦੋਂ ਉਹ ਦਹੀਂ ਖੁਆਉਣ ਲੱਗਾ, ਤਾਂ ਹਰਗੋਬਿੰਦ ਜੀ ਨੇ ਦਹੀਂ ਨਹੀਂ ਖਾਧਾ। ਗੁਰੂ ਅਰਜਨ ਦੇਵ ਜੀ ਨੇ ਉਹ ਦਹੀਂ ਕੁੱਤੇ ਨੂੰ ਪਾ ਦਿੱਤਾ ਤੇ ਥੋੜੀ ਦੇਰ ਵਿੱਚ ਕੁੱਤਾ ਮਰ ਗਿਆ। ਇਸ ਤਰ੍ਹਾਂ ਸਾਰਾ ਭੇਦ ਖੁੱਲ੍ਹ ਗਿਆ।
ਇਸ ਤਰ੍ਹਾਂ ਪਿ੍ਥੀ ਚੰਦ ਆਪਣੀਆਂ ਸਾਰੀਆਂ ਚਾਲਾਂ ਵਿੱਚ ਨਾਕਾਮਯਾਬ ਹੋ ਗਿਆ। ਗੁਰੂ ਅਰਜਨ ਦੇਵ ਜੀ ਨੇ ਸਾਹਿਬਜਾਦੇ ਦੀ ਰੱਖਿਆ ਲਈ ਵਾਹਿਗੁਰੂ ਦਾ ਬਹੁਤ ਧੰਨਵਾਦ ਕੀਤਾ।