ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਮਗਰੋਂ ਗੁਰੂ ਅਮਰਦਾਸ ਜੀ ਆਪਣੇ ਜਨਮ ਨਗਰ ਬਾਸਰਕੇ ਪਹੁੰਚ ਕੇ ਬਾਹਰ ਇੱਕ ਕੋਠੇ ਵਿੱਚ ਬਿਰਾਜ ਕੇ ਪਰਮੇਸ਼ੁਰ ਦੀ ਬੰਦਗੀ ਵਿੱਚ ਲੱਗ ਗਏ। ਤੇ ਬਾਹਰ ਦਰਵਾਜ਼ੇ ਤੇ ਲਿਖ ਦਿੱਤਾ ਕਿ ਜੇ ਕੋਈ ਦਰਵਾਜ਼ਾ ਖੋਲ੍ਹੇਗਾ, ਉਹ ਸਾਡਾ ਸਿੱਖ ਨਹੀਂ ਹੋਵੇਗਾ। ਅਸੀਂ ਉਸ ਦੇ ਗੁਰੂ ਨਹੀਂ ਰਹਾਂਗੇ।
ਸੰਗਤਾਂ ਵਿੱਚ ਘਬਰਾਹਟ ਹੋਣ ਲੱਗੀ। ਸਾਰੀ ਸੰਗਤ ਮਿਲ ਕੇ ਬਾਬਾ ਬੁੱਢਾ ਜੀ ਕੋਲ ਪਹੁੰਚੀ। ਬਾਬਾ ਬੁੱਢਾ ਜੀ ਸੰਗਤ ਨੂੰ ਨਾਲ ਲੈ ਕੇ ਬਾਸਰਕੇ ਪਹੁੰਚ ਗਏ। ਗੁਰੂ ਜੀ ਦਾ ਹੁਕਮ ਪੜਿਆ, ਸੰਗਤਾਂ ਨੂੰ ਬਹੁਤ ਨਿਰਾਸ਼ਾ ਹੋਈ। ਪਰ ਬਾਬਾ ਬੁੱਢਾ ਜੀ ਨੇ ਤਰਕੀਬ ਲਗਾਈ। ਬਾਬਾ ਬੁੱਢਾ ਜੀ ਨੇ ਪਿਛਲੀ ਕੰਧ ਨੂੰ ਸੰਨ੍ਹ ਲਗਾਈ। ਉਸ ਵਿੱਚੋਂ ਲੰਘ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਸੰਗਤਾਂ ਨੂੰ ਦਰਸ਼ਨ ਦਿਉ, ਉਹ ਬਹੁਤ ਬਿਹਬਲ ਹੋ ਰਹੀਆਂ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਕੋਈ ਭੁੱਲ ਹੋਈ ਹੈ ਤਾਂ ਬਖਸ਼ ਲੈਣਾ। ਸੱਚੇ ਪਾਤਸ਼ਾਹ ਆਪ ਦੀ ਲਿਖੀ ਆਗਿਆ ਭੰਗ ਨਹੀਂ ਕੀਤੀ। ਦਰਵਾਜ਼ਾ ਉਸੇ ਤਰ੍ਹਾਂ ਬੰਦ ਹੈ।
ਗੁਰੂ ਜੀ ਹੱਸ ਪਏ। ਆਪ ਬਾਹਰ ਆਏ, ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਸੰਗਤਾਂ ਨਾਲ ਹੀ ਗੋਇੰਦਵਾਲ ਆ ਗਏ।
ਇਸ ਥਾਂ ਤੇ ਗੁਰਦੁਆਰਾ ਸੰਨ੍ਹ ਸਾਹਿਬ ਬਣਿਆ। ਇੱਥੇ ਹਰ ਸਾਲ ਪਹਿਲੇ ਸਰਾਧ ਵਾਲੇ ਦਿਨ ਬੜਾ ਭਾਰੀ ਮੇਲਾ ਲੱਗਦਾ ਹੈ।