ਗੁਰੂ ਅਮਰਦਾਸ ਜੀ ਦਾ ਜਨਮ ਬਾਸਰਕੇ ਪਿੰਡ, ਜਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਸ੍ਰੀ ਤੇਜ ਭਾਨ ਜੀ ਤੇ ਮਾਤਾ ਸੁਲੱਖਣੀ ਜੀ ਦੇ ਘਰ ਹੋਇਆ। ਸ੍ਰੀ ਅਮਰਦਾਸ ਜੀ ਦੇ ਪਿਤਾ ਧਰਮ ਦੀ ਕਿਰਤ, ਦਾਨ ਪੁੰਨ, ਪੂਜਾ ਪਾਠ ਤੇ ਸੰਤ ਸੇਵਾ ਕਰਨ ਵਾਲੇ ਸਨ। ਉਹ ਹਰ ਸਾਲ ਗੰਗਾ ਦੀ ਯਾਤਰਾ ਲਈ ਜਾਂਦੇ ਸਨ।
ਗੁਰੂ ਅਮਰਦਾਸ ਜੀ ਦਾ ਵਿਆਹ ਸੰਮਤ ੧੫੫੯ ਨੂੰ ਸ੍ਰੀ ਦੇਵੀ ਚੰਦ ਬਹਿਸ ਜੀ ਦੀ ਪੁੱਤਰੀ ਰਾਮ ਕੌਰ ਜੀ ਨਾਲ ਹੋਇਆ।
ਆਪ ਜੀ ਦੇ ਦੋ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਤੇ ਦੋ ਧੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਸਨ।
ਸੰਮਤ ੧੫੯੭ ਵਿੱਚ ਸ੍ਰੀ ਅਮਰਦਾਸ ਜੀ ਗੰਗਾ ਦੀ ਯਾਤਰਾ ਤੋਂ ਵਾਪਸ ਆ ਰਹੇ ਸਨ। ਉਨ੍ਹਾਂ ਨੂੰ ਇੱਕ ਸਾਧੂ ਮਿਲਿਆ। ਉਹ ਸਾਧੂ ਉਨ੍ਹਾਂ ਨਾਲ ਉਨ੍ਹਾਂ ਦੇ ਪਿੰਡ ਬਾਸਰਕੇ ਆ ਗਿਆ।
ਇੱਕ ਦਿਨ ਸਾਧੂ ਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ। ਤਾਂ ਸ੍ਰੀ ਅਮਰਦਾਸ ਜੀ ਨੇ ਕਿਹਾ ਕਿ ਅਜੇ ਤੀਕ ਅਸੀਂ ਕੋਈ ਗੁਰੂ ਧਾਰਨ ਨਹੀਂ ਕੀਤਾ। ਤਾਂ ਸਾਧੂ ਨਰਾਜ਼ ਹੋ ਗਿਆ ਤੇ ਕਿਹਾ ਕਿ ਮੈਂ ਨਿਗੁਰੇ ਦੇ ਹੱਥੋਂ ਖਾਂਦਾ ਰਿਹਾ। ਮੇਰਾ ਤਾਂ ਧਰਮ ਹੀ ਨਾਸ ਹੋ ਗਿਆ। ਇਹ ਕਹਿ ਕੇ ਸਾਧੂ ਚਲਾ ਗਿਆ।
ਪਰ ਉਸ ਦੀਆਂ ਗੱਲਾਂ ਸੁਣ ਕੇ ਸ੍ਰੀ ਅਮਰਦਾਸ ਜੀ ਉਦਾਸ ਰਹਿਣ ਲੱਗੇ। ਉਹ ਸੋਚਣ ਲੱਗੇ ਕਿ ਗੁਰੂ ਕਿਸਨੂੰ ਧਾਰਿਆ ਜਾਵੇ।
ਇੱਕ ਦਿਨ ਅੰਮ੍ਰਿਤ ਵੇਲੇ ਉਹਨਾਂ ਨੂੰ ਆਪਣੇ ਭਰਾ ਦੇ ਘਰੋਂ ਬਾਣੀ ਪੜਨ ਦੀ ਬੜੀ ਮਿੱਠੀ ਅਵਾਜ਼ ਸੁਣਾਈ ਦਿੱਤੀ। ਇਹ ਬਾਣੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਪੜ ਰਹੀ ਸੀ, ਜੋ ਕਿ ਉਨ੍ਹਾਂ ਦੇ ਭਰਾ ਦੀ ਨੂੰਹ ਸੀ।
ਸ੍ਰੀ ਅਮਰਦਾਸ ਜੀ ਨੇ ਬੀਬੀ ਅਮਰੋ ਨੂੰ ਪੁੱਛਿਆ ਕਿ ਉਹ ਕੀ ਪੜ ਰਹੀ ਸੀ। ਤਾਂ ਬੀਬੀ ਅਮਰੋ ਨੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ ਰਹੀ ਸੀ। ਗੁਰੂ ਨਾਨਕ ਦੇਵ ਜੀ ਤਾਂ ਜੋਤੀ ਜੋਤਿ ਸਮਾ ਗਏ ਹਨ। ਉਹਨਾਂ ਦੀ ਗੱਦੀ ਅੱਜਕਲ ਖਡੂਰ ਸਾਹਿਬ ਹੈ।
ਸ੍ਰੀ ਅਮਰਦਾਸ ਜੀ ਬੀਬੀ ਅਮਰੋ ਨੂੰ ਨਾਲ ਲੈ ਕੇ ਖਡੂਰ ਸਾਹਿਬ ਚੱਲ ਪਏ।